
ਫਿਰੋਜ਼ਪੁਰ, 11 ਅਪ੍ਰੈਲ (ਅਸ਼ੋਕ ਭਾਰਦਵਾਜ) ਪਿੱਛਲੇ ਦਿਨੀ ਇੱਕ ਪੰਜਾਬੀ ਅਖਬਾਰ ਵਿੱਚ ਲੱਗੀ ਖਬਰ ਨੂੰ ਦੇਖਦਿਆਂ ਸਿਵਲ ਹਸਪਤਾਲ ਫਿਰੋਜ਼ਪੁਰ ਨੇ ਅੱਜ ਉਸ ਦਾ ਜਵਾਬ ਦਿੱਤਾ ਹੈ। ਖ਼ਬਰ ਮੁਤਾਬਿਕ ਬਿਨੈਕਾਰ ਵਲੋਂ ਦਾਇਰ ਕੀਤੀ ਆਰ.ਟੀ.ਆਈ. ਦਾ ਜਵਾਬ ਦੇਣ ਬਾਬਤ ਕਿਹਾ ਗਿਆ ਸੀ। ਜਿਸ ਤੇ ਸਿਵਲ ਹਸਪਤਾਲ ਫਿਰੋਜ਼ਪੁਰ ਵਲੋਂ ਆਰ.ਟੀ.ਆਈ. ਦਾ ਜਵਾਬ ਦੇਣ ਤੇ ਆਖਿਰਕਾਰ ਸੱਚ ਸਾਹਮਣੇ ਆ ਹੀ ਗਿਆ।
ਮਿਲੀ ਜਾਣਕਾਰੀ ਅਨੁਸਾਰ ਕਰੋਨਾ ਦੇ ਦੌਰਾਨ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਆਈਸੋਲੇਸ਼ਨ ਵਾਰਡ ਸਥਾਪਿਤ ਕੀਤਾ ਗਿਆ ਸੀ। ਜਿਸ ਵਿੱਚ ਮਰੀਜਾਂ ਦੀ ਸਾਂਭ ਸੰਭਾਲ ਤੋਂ ਲੈ ਕੇ ਖਾਣੇ ਤੱਕ ਦਾ ਪ੍ਰਬੰਧ ਸਰਕਾਰ ਵਲੋਂ ਆਪੇ ਪੱਧਰ ਤੇ ਕੀਤਾ ਗਿਆ ਸੀ। ਇੱਥੇ ਇਹ ਦੱਸਣਯੋਗ ਹੈ ਕਿ ਕਿਸੇ ਵੀ ਸਰਕਾਰੀ ਅਦਾਰੇ ਵਿੱਚ ਕਿਸੇ ਵੀ ਕੰਮ ਨੂੰ ਕਰਵਾਉਣ ਲਈ ਪਹਿਲਾ ਕੁਟੇਸ਼ਨਾ ਦੇ ਆਧਾਰਿਤ ਟੈਡਰ ਕੱਢੇ ਜਾਂਦੇ ਹਨ। ਜਿਸ ਦਾ ਬਕਾਇਦਾ ਇਸ਼ਤਿਹਾਰ ਵੱਖ-ਵੱਖ ਅਖਬਾਰਾਂ ਵਿੱਚ ਕੱਢਿਆ ਜਾਂਦਾ ਹੈ। ਜਿਸ ਤੋਂ ਬਾਅਦ ਫਿਰ ਟੈਡਰਕਾਰਾਂ ਵਲੋਂ ਇਹ ਟੈਡਰ ਲਏ ਜਾਂਦੇ ਹਨ। ਪਰ ਹਸਪਤਾਲ ਵਿਖੇ ਤਾਇਨਾਤ ਅਧਿਕਾਰੀ ਤੇ ਕਰਮਚਾਰੀ ਸਰਕਾਰ ਦੇ ਮੁਲਾਜ਼ਮ ਤਾਂ ਹੈ ਹੀ ਪਰ ਉਹ ਟੈਡਰਕਾਰ ਵੀ ਖੁਦ ਹੀ ਬਣ ਜਾਂਦੇ ਹਨ। ਲਗਾਤਾਰ ਇੱਕੋ ਹੀ ਮਲਾਈਦਾਰ ਸੀਟਾਂ ਤੇ ਬੈਠੇ ਕਰਮਚਾਰੀ ਆਪਣੀ ਹੀ ਮਰਜੀ ਨਾਲ ਮਿਲੀਭੁਗਤ ਕਰਕੇ ਆਪਣੀ ਜੇਬਾਂ ਗਰਮ ਕਰਨ ਵਿੱਚ ਲੱਗੇ ਹੋਏ ਹਨ।
ਪੰਜਾਬੀ ਦੀ ਕਹਾਵਤ ਅਨੁਸਾਰ “ਨਾ ਹਿੰਗ ਲੱਗੇ ਨਾ ਫਟਕੜੀ ਤੇ ਰੰਗ ਵੀ ਚੋਖਾ” ਇਹ ਕਹਾਵਤ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਸੱਚੀ ਸਾਬਤ ਹੋ ਰਹੀ ਹੈ। ਇੱਕ ਹੈਰਾਨੀਜਨਕ ਖੁਲਾਸੇ ਤਹਿਤ ਸਿਵਲ ਹਸਪਤਾਲ ਫਿਰੋਜ਼ਪੁਰ ਜਿਥੇ ਕਿ ਕਰੋਨਾ ਸਮੇਂ ਦੋਰਾਨ ਮਲਾਈਦਾਰ ਕੁਰਸੀਆਂ ਤੇ ਬੈਠੇ ਅਧਿਕਾਰੀਆ ਤੇ ਕਰਮਚਾਰੀਆ ਨੇ ਇਸ ਸਮੇਂ ਦੌਰਾਨ ਉਨ੍ਹਾਂ ਦੀ ਇਸ ਸਮੇਂ ਪੂਰੀ ਚਾਂਦੀ ਰਹੀ ਹੈ, ਜਿਸ ਦਾ ਖੁਲਾਸਾ ਆਰ.ਟੀ.ਆਈ. ਜਰੀਏ ਹੋਇਆ। ਬਿਨੈਕਾਰ ਵਲੋਂ 6 ਮਹੀਨੇ ਪਹਿਲਾਂ ਇੱਕ ਆਰ.ਟੀ.ਆਈ. ਸੀਨੀਅਰ ਮੈਡੀਕਲ ਅਫਸਰ ਨੂੰ ਕਰੋਨਾ ਕਾਲ ਸਮੇਂ ਦੌਰਾਨ ਮਰੀਜਾਂ ਨੂੰ ਦਿੱਤੀ ਜਾਣ ਵਾਲੇ ਖਾਣੇ ਸੰਬੰਧੀ ਦਿੱਤੀ ਗਈ ਸੀ। ਜਿਸ ਵਿੱਚ ਬਿਨੈਕਾਰ ਵਲੋਂ ਖਾਣੇ ਸੰਬੰਧੀ ਕਿੰਨੇ ਟੈਡਰਕਾਰ ਸ਼ਾਮਿਲ ਸਨ ? ਕਿਸ ਅਖਬਾਰ ‘ਚ ਇਸ਼ਤਿਹਾਰ ਦਿੱਤਾ ਗਿਆ ਤੇ ਖਾਣੇ ਦੇ ਕਿੰਨੇ ਰੁਪਏ ਪ੍ਰਤੀ ਮਰੀਜ ਸਰਕਾਰ ਵਲੋਂ ਵਸੂਲ ਕੀਤੇ ਗਏ ਸਨ ?
ਇਸ ਸਭ ਦੀ ਜਾਣਕਾਰੀ ਪਹਿਲਾਂ ਤਾਂ ਇੱਕ ਨੁੱਕਰੇ ਲਗਾ ਦਿੱਤੀ ਸੀ, ਫਿਰ ਬਿਨੈਕਾਰ ਵਲੋਂ ਪਹਿਲੀ ਅਪੀਲ ਸਿਵਲ ਸਰਜਨ ਫਿਰੋਜ਼ਪੁਰ ਦਫਤਰ ਪਾਈ ਗਈ ਸੀ। ਜਿਸ ਦਾ ਜਵਾਬ ਹਸਪਤਾਲ ‘ਚ ਤਾਇਨਾਤ ਅਧਿਕਾਰੀਆ ਤੇ ਕਰਮਚਾਰੀਆ ਵਲੋਂ ਬੜਾ ਹੀ ਹੈਰਾਨੀਜਨਕ ਮਿਲਿਆ। ਇਸ ਸੰਬੰਧੀ ਸਾਰੀ ਜਾਣਕਾਰੀ ਆਈਸੋਲੇਸ਼ਨ ਵਾਰਡ ਨਾਲ ਸੰਬੰਧਤ ਸਾਰੇ ਹੀ ਵਿਭਾਗਾਂ ਤੋ ਪ੍ਰਾਪਤ ਕੀਤੀ ਗਈ ਹੈ। ਪਰ ਸਭ ਦਾ ਜਵਾਬ ਇਹ ਹੀ ਲਿਖਿਆ ਗਿਆ ਕਿ ਸਾਨੂੰ ਇਸ ਖਾਣੇ ਦੇ ਟੈਡਰ ਬਾਰੇ ਕੋਈ ਜਾਣਕਾਰੀ ਨਹੀਂ। ਜਿਸ ਵਲੋਂ ਮਰੀਜ਼ਾਂ ਨੂੰ ਖਾਣਾ ਦਿੱਤਾ ਗਿਆ ਸੀ, ਉਸ ਵਲੋਂ ਜਵਾਬ ਦਿੱਤਾ ਗਿਆ ਹੈ ਕਿ, “ਮੈਨੂੰ ਤਾਂ ਉਸ ਸਮੇਂ ਮੌਜੂਦਾ ਸੀਨੀਅਰ ਮੈਡੀਕਲ ਅਫਸਰ ਨੇ ਜੁਬਾਨੀ ਕਲਾਮੀ ਹੀ ਮਰੀਜ਼ਾਂ ਨੂੰ ਖਾਣਾ ਦੇਣ ਸੰਬੰਧੀ ਕਿਹਾ ਸੀ।” ਜਿਸ ਤੋਂ ਇਹ ਸਾਫ ਹੁੰਦਾ ਹੈ ਕਿ ਇਹ ਸਭ ਕੁੱਝ ਉਚ ਅਧਿਕਾਰੀਆਂ ਦੀ ਮਿਲੀਭੁਗਤ ਨਾਲ ਮਰੀਜਾਂ ਦੇ ਨਾਮ ਤੇ ਸਰਕਾਰੀ ਪੈਸਾ ਅੰਦਰ ਕੀਤਾ ਗਿਆ ਹੈ।
ਇਸ ਸੰਬੰਧੀ ਆਰ.ਟੀ.ਆਈ. ਵਿੱਚ ਖਾਣੇ ਦੇ ਬਿੱਲ ਪਾਸ ਕਰਨ ਵਾਲੇ ਕਲਕਰ ਤੋਂ ਵੀ ਦਾ ਜਵਾਬ ਮੰਗਿਆ ਗਿਆ ਸੀ, ਜਿਸ ਵਿੱਚ ਕਲਰਕ ਨੇ ਜਵਾਬ ਦਿੰਦਿਆਂ ਕਿਹਾ ਹੈ ਕਿ ਸਾਰੇ ਬਿੱਲ ਪੂਰੀ ਪ੍ਰਕਿਰਿਆ ਵਿੱਚੋਂ ਵੈਰੀਫਾਈ ਹੋਣ ਤੋਂ ਬਾਅਦ ਹੀ ਮੈਂ ਅਗਲੇਰੀ ਕਾਰਵਾਈ ਲਈ ਬਿੱਲ ਅੱਗੇ ਭੇਜੇ ਸਨ। ਜਿਸ ਤੋਂ ਸਾਫ ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਸਭ ਨੂੰ ਹੀ ਆਪਣਾ-ਆਪਣਾ ਹਿੱਸਾ ਮਿਲਦਾ ਰਿਹਾ ਹੈ। ਸ਼ਾਇਦ ਇਹ ਫੰਡ ਮਰੀਜਾਂ ਤੱਕ ਨਾ ਪਹੁੰਚ ਕੇ ਆਪਣੇ ਵਿੱਚ ਹੀ ਵੰਡ ਲਿਆ ਗਿਆ ਹੋਵੇ। ਹੁਣ ਦੇਖਣਾ ਇਹ ਹੋਵੇਗਾ ਕਿ ਇਸ ਮਾਮਲੇ ਦੀ ਜਾਣਕਾਰੀ ਉਚ ਪੱਧਰੀ ਅਧਿਕਾਰੀਆਂ ਵਲੋਂ ਹੋਵੇਗੀ ਜਾਂ ਫਿਰ ਮਿਲੀਭੁਗਤ ਕਰਕੇ ਇਸ ਨੂੰ ਠੰਢੇ ਬਸਤੇ ਵਿੱਚ ਪਾ ਦਿੱਤਾ ਜਾਵੇਗਾ।