ਪੰਜਾਬ ਸਟੂਡੈਂਟਸ ਯੂਨੀਅਨ ਨਾਭਾ ਨੇ ਆਪਣੀ ਮੰਗਾਂ ਸਬੰਧੀ ਕੀਤੀ ਅਹਿਮ ਮੀਟਿੰਗ

ਨਾਭਾ, 6 ਅਗਸਤ ( ਵਰਿੰਦਰ ਵਰਮਾ) ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਰਿਪੁਦਮਨ ਕਾਲਜ (ਨਾਭਾ) ਕਮੇਟੀ ਦੀ ਮੀਟਿੰਗ ਕੀਤੀ ਗਈ। ਇਸ ਮੌਕੇ ਵਿਦਿਆਰਥੀ ਨੇ ਮੰਗਾਂ ਸਬੰਧੀ 8 ਸਤੰਬਰ ਨੂੰ ਜਿਲ੍ਹਾ ਕੇਂਦਰਾਂ ਤੇ ਕੀਤੇ ਜਾ ਰਹੇ ਪ੍ਰਦਰਸ਼ਨ ਬਾਰੇ ਗੱਲਬਾਤ ਕੀਤੀ।
ਵਿਦਿਆਰਥੀ ਆਗੂਆਂ ਨੇ ਮੰਗਾਂ ਬਾਰੇ ਦੱਸਿਆ ਕਿ ਪੰਜਾਬੀ ਯੂਨੀਵਰਸਿਟੀ ਵੱਲੋਂ ਫੀਸਾਂ ਵਿਚ ਕੀਤਾ ਗਿਆ 10% ਦਾ ਵਾਧਾ ਵਾਪਸ ਲਿਆ ਜਾਵੇ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਤਹਿਤ ਐਸ਼.ਸੀ.ਵਿਦਿਆਰਥੀਆ ਦੇ ਦਾਖ਼ਲੇ ਬਿਨਾਂ ਕਿਸੇ ਫੀਸ ਤੋਂ ਕੀਤੇ ਜਾਣ, ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਈ.ਬੀ.ਸੀ.ਤਹਿਤ 1.5 ਲੱਖ ਤੋਂ ਘੱਟ ਆਮਦਨ ਵਾਲੇ ਜਨਰਲ ਕੈਟਾਗਰੀ ਦੇ ਵਿਦਿਆਰਥੀਆਂ ਦੀ ਫੀਸ ਮੁਆਫੀ ਦਾ ਫੈਸਲਾ ਲਾਗੂ ਕੀਤਾ ਜਾਵੇ ਅਤੇ ਇਸ ਦੀ ਇਨਕਮ ਸੀਮਾ ਵਧਾਈ ਜਾਵੇ ਅਤੇ ਲੜਕੀਆਂ ਲਈ ਸਮੁੱਚੀ ਵਿਦਿਆ ਮੁਫ਼ਤ ਕੀਤੀ ਜਾਵੇ।
ਆਗੂਆਂ ਨੇ ਕਿਹਾ ਕਿ ਵਿਦਿਆਰਥੀਆਂ ਤੋਂ ਪੀ.ਟੀ.ਏ. ਫੰਡ ਲੈਣਾ ਬੰਦ ਕੀਤਾ ਜਾਵੇ ਅਤੇ ਕਾਲਜਾਂ ਵਿੱਚ ਪ੍ਰੋਫੈਸਰਾਂ ਦੀ ਸਰਕਾਰੀ ਭਰਤੀ ਕੀਤੀ ਜਾਵੇ। ਇਸ ਤੋਂ ਇਲਾਵਾ ਪੰਜਾਬ ਸਰਕਾਰ ਸਰਕਾਰੀ ਕਾਲਜਾਂ ਵਿੱਚ ਨਵੇਂ ਦਾਖਲ ਹੋਣ ਵਾਲੇ ਵਿਦਿਆਰਥੀਆਂ ਤੋਂ ਰਜਿਸਟ੍ਰੇਸ਼ਨ ਫੀਸ 200 ਰੁ: ਮੰਗ ਰਹੀ ਹੈ, ਜੋ ਕਿ ਪਹਿਲਾਂ ਨਹੀਂ ਲਈ ਜਾਦੀ ਸੀ। ਇਹ ਸਿੱਧੀ ਹੀ ਵਿਦਿਆਰਥੀਆਂ ਦੀ ਲੁੱਟ ਹੈ ਕਿਉਂਕਿ ਇਹ ਪੈਸਾ ਸਰਕਾਰ ਕੋਲ ਜਾਣਾ ਹੈ ਨਾ ਕਿ ਕਾਲਜ ਕੋਲ।
ਵਿਦਿਆਰਥੀ ਆਗੂਆਂ ਨੇ ਕਿਹਾ ਕਿ ਪੰਜਾਬ ਸਟੂਡੈਂਟਸ ਯੂਨੀਅਨ ਇਸ ਦਾ ਵਿਰੋਧ ਕਰਦੀ ਹੈ ਅਤੇ ਇਹਨਾਂ ਮੰਗਾਂ ਦੀ ਪੂਰਤੀ ਲਈ ਸੰਘਰਸ਼ ਕਰੇਗੀ। ਇਸ ਮੌਕੇ ਵਿਦਿਆਰਥੀਆਂ ਨੇ 8 ਸਤੰਬਰ ਨੂੰ ਕੀਤੇ ਜਾ ਰਹੇ ਪ੍ਰਦਰਸ਼ਨ ਦੀ ਇਲਾਕੇ ਵਿੱਚ ਪੁਰਜ਼ੋਰ ਤਿਆਰੀ ਕਰਨ ਦਾ ਫੈਸਲਾ ਕੀਤਾ।