ਪੰਜਾਬਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਵਾਂਗ ਸੁਖਬੀਰ ਬਾਦਲ ਵੀ ਬਿਜਲੀ ਦੇ ਝੂਠੇ ਵਾਅਦੇ ਕਰ ਸੱਤਾ ਹਾਸਲ ਕਰਨੀ ਚਾਹੁੰਦਾ: ਢੀਂਡਸਾ

ਪਿੰਡ ਖਹਿਰਾ ਖੁਰਦ ‘ਚ ਅਕਾਲੀ ਦਲ ਬਾਦਲ ਨੂੰ ਛੱਡ ਕੇ ਸੰਯੁਕਤ ਮੋਰਚੇ ਨੂੰ ਮਿਲਿਆ ਸਮਰਥਨ

ਮਾਨਸਾ, 7 ਅਗਸਤ (ਗੁਰਜੰਟ ਸਿੰਘ ਬਾਜੇਵਾਲੀਆ) ਪੰਜਾਬ ‘ਚ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਝੂਠੇ ਵਾਅਦੇ ਕਰਕੇ ਸੱਤਾ ਹਾਸਲ ਕੀਤੀ, ਉਸੇ ਤਰ੍ਹਾਂ ਹੀ ਸੁਖਬੀਰ ਸਿੰਘ ਬਾਦਲ ਪੰਜਾਬ ਵਾਸੀਆਂ ਨੂੰ 600 ਯੂਨਿਟ ਬਿਜਲੀ ਮੁਫ਼ਤ ਦੇਣ ਦੇ ਵਾਅਦੇ ਕਰ ਰਿਹਾ ਹੈ। ਜਦਕਿ ਪੰਜਾਬ ‘ਚ 72 ਲੱਖ 30 ਹਜ਼ਾਰ ਬਿਜਲੀ ਕੁਨੈਕਸ਼ਨ ਹਨ, ਜਿਸ ਦਾ 20 ਹਜਾਰ ਕਰੋੜ ਰੁਪਏ ਸਾਲਾਨਾ ਖਜ਼ਾਨੇ ਤੇ ਬੋਝ ਪਵੇਗਾ, ਇਹ ਕਿਥੋਂ ਪੂਰਾ ਕਰ ਦੇਣਗੇ। ਪੰਜਾਬ ਦਾ ਖ਼ਜ਼ਾਨਾ ਪਹਿਲਾਂ ਹੀ ਘਾਟੇ ਨਾਲ ਚੱਲ ਰਿਹਾ ਹੈ। ਇਹ ਪ੍ਰਗਟਾਵਾ ਪੰਜਾਬ ਦੇ ਸਾਬਕਾ ਵਿੱਤ ਮੰਤਰੀ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਪਾਰਟੀ ਦੇ ਪ੍ਰਧਾਨ ਪਰਮਿੰਦਰ ਸਿੰਘ ਢੀਂਡਸਾ ਨੇ ਸਰਦੂਲਗਡ਼੍ਹ ਹਲਕੇ ਦੇ ਪਿੰਡ ਖਹਿਰਾ ਖੁਰਦ ਵਿਖੇ ਇਕ ਸਮਾਗਮ ਦੌਰਾਨ ਪੱਤਰਕਾਰਾਂ ਕੋਲ ਕੀਤਾ।

ਉਨ੍ਹਾਂ ਕਿਹਾ ਕਿ ਸਾਡੇ ਖਿਡਾਰੀਆਂ ਨੇ ਪਹਿਲਾਂ ਨਾਲੋਂ ਬਹੁਤ ਵਧੀਆ ਪ੍ਰਦਰਸ਼ਨ ਕੀਤਾ ਹੈ ਅਤੇ ਸੁਧਾਰ ਵੀ ਹੋਇਆ ਹੈ। ਪਰ ਫਿਰ ਵੀ ਮੈਂ ਮਹਿਸੂਸ ਕਰਦਾ ਹਾਂ ਕਿ ਹਿੰਦੁਸਤਾਨ ਦੇ ਵਿੱਚ ਜਿਹੜਾ ਖੇਡ ਬੁਨਿਆਦੀ ਢਾਂਚਾ ਹੈ, ਉਸ ਉਪਰ ਬਹੁਤ ਪੈਸਾ ਖਰਚਣ ਦੀ ਲੋੜ ਹੈ ਤੇ ਖ਼ਾਸ ਕਰਕੇ ਜਿਹੜੇ ਖਿਡਾਰੀ ਹਨ, ਉਨ੍ਹਾਂ ਦੀਆਂ ਸੁਵਿਧਾਵਾਂ ਨੂੰ ਪੂਰਾ ਕਰਨ ਦੀ ਲੋੜ ਹੈ। ਬਹੁਤ ਛੋਟੀ ਉਮਰ ‘ਚ ਖਿਡਾਰੀਆਂ ਨੂੰ ਟ੍ਰੇਨਿੰਗ ਅਤੇ ਸਹੂਲਤਾਂ ਦੇਣ ਦੀ ਜ਼ਰੂਰਤ ਹੈ। ਟਰੇਨਿੰਗ ਤੇ ਬੁਨਿਆਦੀ ਢਾਂਚੇ ‘ਚ ਹੋਰ ਸੁਧਾਰ ਹੋਵੇ ਤਾਂ ਸਾਡੇ ਨੌਜਵਾਨ ਵਧੀਆ ਹੋਰ ਵੀ ਚੰਗੀ ਸਫਲਤਾ ਹਾਸਿਲ ਕਰ ਸਕਦੇ ਹਨ। ਪਰ ਫਿਰ ਵੀ ਜੋ ਖਿਡਾਰੀਆਂ ਨੇ ਤਗ਼ਮੇ ਜਿੱਤੇ ਹਨ, ਖ਼ਾਸ ਤੌਰ ਤੇ ਦੋ ਸਿਲਵਰ, ਚਾਰ ਕਾਂਸੀ ਸਾਰਿਆਂ ਨੂੰ ਮੈ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਇਹ ਉਲੰਪੀਅਨਜ ਦਾ ਹੁਣ ਤਕ ਦਾ ਸਭ ਤੋ ਵਧੀਆ ਪ੍ਰਦਰਸ਼ਨ ਹੈ।

2022 ਦੀਆਂ ਚੋਣਾਂ ਸਬੰਧੀ ਉਨ੍ਹਾਂ ਕਿਹਾ ਕਿ ਅਸੀ ਅਜੇ ਕਿਸੇ ਪਾਰਟੀ ਨਾਲ ਸਮਝੌਤਾ ਨਹੀਂ ਕਰ ਰਹੇ, ਪਰ ਸਾਡਾ ਇਕ ਫੈਸਲਾ ਜਰੂਰ ਹੈ ਬੀਜੇਪੀ, ਅਕਾਲੀ ਦਲ ਬਾਦਲ ਅਤੇ ਕਾਗਰਸ ਨਾਲ ਕਿਸੇ ਵੀ ਹਾਲਾਤ ‘ਚ ਸਮਝੌਤਾ ਨਹੀ ਹੋ ਸਕਦਾ। ਬਾਕੀ ਅਸੀ ਖੁਦ ਸਾਰੀਆਂ ਸੀਟਾਂ ਤੇ ਤਿਆਰੀ ਕਰ ਰਹੇ ਹਾਂ ਤੇ ਜਥੇਬੰਦੀ ਤਿਆਰ ਕਰ ਚੁੱਕੇ ਹਾਂ। ਹੁਣ ਜਿਲ੍ਹੇ ਅਤੇ ਸਰਕਲ ‘ਚ ਜਥੇਬੰਦੀ ਤਿਆਰ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ‘ਚ 1972 ਤੋ ਕੰਮ ਕਰ ਰਹੇ, ਜੁਝਾਰੂ ਬਜ਼ੁਰਗ, ਨੌਜਵਾਨ, ਮਾਤਾ ਭੈਣਾਂ ਆਦਿ ਦੇ ਧੰਨਵਾਦੀ ਹਾਂ। ਖ਼ਾਸ ਤੌਰ ਤੇ ਨੌਜਵਾਨ ਸਾਥੀ ਚਰਨਾ ਰਾਮ ਖਹਿਰਾ ਖੁਰਦ ਦੇ, ਜਿਨ੍ਹਾਂ ਨੇ ਸ਼੍ਰੋਮਣੀ ਅਕਾਲੀ ਦਲ (ਸ) ਨੂੰ ਆਪਣਾ ਵੱਡੀ ਗਿਣਤੀ ‘ਚ ਸਮਰਥਨ ਦਿੱਤਾ ਹੈ, ਕਿ ਉਹ ਭਵਿੱਖ ‘ਚ ਸਾਡੇ ਨਾਲ ਚਲਣਗੇ। ਜਿਨ੍ਹਾਂ ਦਾ ਅਸੀ ਸਵਾਗਤ ਕਰਦੇ ਹਾਂ ਅਤੇ ਵਿਸ਼ਵਾਸ ਦਿਵਾਉਦੇ ਹਾਂ ਕਿ ਇਨ੍ਹਾਂ ਦੀਆਂ ਭਾਵਨਾਵਾਂ ਤੇ ਖਰਾ ਉਤਰਨ ਦਾ ਯਤਨ ਕਰਾਗੇ। ਪੰਜਾਬ ਦੇ ਭਵਿੱਖ ਅਤੇ ਤਰਕੀ ਲਈ ਸ਼੍ਰੋਮਣੀ ਅਕਾਲੀ ਦਲ(ਸ) ਹਮੇਸ਼ਾ ਤਤਪਰ ਹੋ ਕੇ ਕੰਮ ਕਰੇਗਾ।

ਇਸ ਮੌਕੇ ਉਨ੍ਹਾਂ ਦੇ ਨਾਲ ਸਾਬਕਾ ਵਿਧਾਇਕ ਸੁਖਵਿੰਦਰ ਸਿੰਘ ਔਲਖ, ਜ਼ਿਲ੍ਹਾ ਪ੍ਰਧਾਨ ਮਨਜੀਤ ਸਿੰਘ ਬੱਪੀਆਣਾ, ਸੂਬਾ ਕਮੇਟੀ ਮੈਂਬਰ ਗੁਰਸੇਵ ਸਿੰਘ ਖਹਿਰਾ l, ਚਰਨਾ ਰਾਮ, ਸ਼ਮਸ਼ੇਰ ਸਿੰਘ ਖੈਰਾ ਖੁਰਦ, ਬਲਜਿੰਦਰ ਢਿੱਲੋਂ ਆਹਲੂਪੁਰ, ਗੁਰਪ੍ਰੀਤ ਸਿੰਘ ਝੰਡੂਕੇ, ਲਲਿਤ ਸ਼ਰਮਾ, ਦਵਿੰਦਰ ਢਿੱਲੋਂ ਐਮਸੀ ਮਾਨਸਾ, ਦਵਿੰਦਰ ਪੱਪਾ ਘੁਰਕਣੀ ਆਦਿ ਹਾਜ਼ਰ ਸਨ।

Show More

Related Articles

Leave a Reply

Your email address will not be published. Required fields are marked *

Back to top button