ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਨੇ ਲੋੜਵੰਦਾਂ ਨੂੰ ਵੰਡੇ ਪੈਨਸ਼ਨ ਦੇ ਚੈੱਕ

ਬਟਾਲਾ, 08 ਅਗਸਤ (ਲੱਕੀ ਰਾਜਪੂਤ) ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁੱਖੀ ਤੇ ਦੁਬਈ ਦੇ ਉੱਘੇ ਸਿੱਖ ਸਰਦਾਰ ਤੇ ਸਮਾਜ ਸੇਵੀ ਸ਼ਖਸੀਅਤ ਡਾ. ਐੱਸ.ਪੀ. ਸਿੰਘ ਓਬਰਾਏ ਵੱਲੋਂ ਮਨੁੱਖਤਾ ਨੂੰ ਬਚਾਉਣ ਤੇ ਇਨਸਾਨੀਅਤ ਦੇ ਭਲੇ ਲਈ ਕੀਤੇ ਜਾ ਰਹੇ, ਪਰਉਪਕਾਰੀ ਕਾਰਜਾਂ ਤਹਿਤ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਰਵਿੰਦਰ ਸਿੰਘ ਮਠਾਰੂ ਦੀ ਅਗਵਾਈ ਹੇਠ ਜ਼ਿਲ੍ਹੇ ਦੀਆਂ ਲੋੜਵੰਦ, ਵਿਧਵਾ ਔਰਤਾਂ, ਗਰੀਬ ਅਤੇ ਬੇਸਹਾਰਾ ਲੋਕਾਂ ਨੂੰ ਪੈਨਸ਼ਨਾਂ ਦੇਣ ਦੇ ਲਈ ਕੈਂਪ ਲਗਾਇਆ ਗਿਆ।
ਜਿਸ ਵਿੱਚ ਮੁੱਖ ਮਹਿਮਾਨ ਵਜੋਂ ਪਹੁੰਚੇ ਨਗਰ ਨਿਗਮ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਕੌਂਸਲਰ ਸੁਖਦੇਵ ਸਿੰਘ ਬਾਜਵਾ, ਸਮਾਜਸੇਵੀ ਹਰਪਾਲ ਸਿੰਘ ਖਾਲਸਾ, ਜੋਗਿੰਦਰ ਅੰਗਰੂਲਾ, ਅਨੀਸ਼ ਅਗਰਵਾਲ, ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਮਠਾਰੂ, ਜਨਰਲ ਸਕੱਤਰ ਹਰਮਿੰਦਰ ਸਿੰਘ ਬੱਬੂ ਵੱਲੋਂ ਲੋੜਵੰਦਾਂ ਨੂੰ ਪੈਨਸ਼ਨਾਂ ਦੇ ਚੈੱਕ ਤਕਸੀਮ ਕੀਤੇ ਗਏ।
ਇਸ ਮੌਕੇ ਮੇਅਰ ਸੁੱਖ ਤੇਜਾ ਨੇ ਕਿਹਾ ਕਿ ਆਪਣੀ ਨੇਕ, ਕਿਰਤ ਕਮਾਈ ਦਾ ਵੱਡਾ ਹਿੱਸਾ ਲੋੜਵੰਦ, ਬੇਸਹਾਰਾ ਤੇ ਖਰਚ ਕਰਦਿਆਂ ਡਾ. ਓਬਰਾਏ ਵੱਲੋਂ ਪੂਰੇ ਸੰਸਾਰ ਦੇ ਵਿੱਚ ਇਕ ਮਿਸਾਲ ਕਾਇਮ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸਰਬੱਤ ਦਾ ਭਲਾ ਟਰੱਸਟ ਵੱਲੋਂ ਹਰ ਖੇਤਰ ਵਿੱਚ ਬਹੁਤ ਵੱਡੇ ਪੱਧਰ ਤੇ ਕਾਰਜ਼ ਕੀਤੇ ਜਾ ਰਹੇ ਹਨ, ਤਾਂ ਜੋ ਇਨਸਾਨੀਅਤ ਦੀਆਂ ਕਦਰਾਂ, ਕੀਮਤਾਂ ਨੂੰ ਉੱਚਾ ਚੁੱਕਿਆ ਜਾ ਸਕੇ। ਇਸ ਦੌਰਾਨ ਪੈਨਸ਼ਨ ਦੇ ਚੈੱਕ ਪ੍ਰਾਪਤ ਕਰਨ ਵਾਲਿਆਂ ਨੇ ਡਾ. ਓਬਰਾਏ ਦਾ ਧੰਨਵਾਦ ਵੀ ਕੀਤਾ।