
12 ਅਗਸਤ ਨੂੰ ਦਾਣਾ ਮੰਡੀ ਮਹਿਲ ਕਲਾਂ ‘ਚ ਕਾਫਲੇ ਬੰਨ੍ਹ ਕੇ ਪੁੱਜਣ ਦਾ ਸੱਦਾ
ਮਹਿਲ ਕਲਾਂ, 8 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਐਕਸ਼ਨ ਕਮੇਟੀ ਮਹਿਲ ਕਲਾਂ ਦੀ ਅਗਵਾਈ ‘ਚ ਸ਼ਹੀਦ ਕਿਰਨਜੀਤ ਕੌਰ ਮਹਿਲ ਕਲਾਂ ਦੇ ਕਿਸਾਨ ਅੰਦੋਲਨ ਨੂੰ ਸਮਰਪਿਤ 24 ਵੇਂ ਬਰਸੀ ਸਮਾਗਮ ਨੂੰ ਸਫਲ ਬਨਾਉਣ ਲਈ ਅੱਜ ਬਲਾਕ ਮਹਿਲਕਲਾਂ ਦੇ ਅੱਧੀ ਦਰਜਨ ਤੋਂ ਵੱਧ ਪਿੰਡਾਂ ਗਹਿਲ, ਛੀਨੀਵਾਲਖੁਰਦ, ਦੀਵਾਨਾ, ਰਾਏਸਰ, ਸਹਿਜੜਾ, ਸਹੌਰ ਅਤੇ ਮਹਿਲਕਲਾਂ ਵਿਖੇ ਮੀਟਿੰਗਾਂ/ਨੁੱਕੜ ਨਾਟਕ ਖੇਡੇ ਗਏ।
ਸ਼ਹੀਦ ਭਗਤ ਸਿੰਘ ਕਲਾ ਮੰਚ ਦੀ ਨਾਟਕ ਟੀਮ ਵੱਲੋਂ ‘ਭਾਅ ਜੀ’ ਗੁਰਸ਼ਰਨ ਸਿੰਘ ਦੀ ਰਚਨਾ “ਲੀਰਾਂ” ਤੀਰਥ ਚੜਿੱਕ ਦੀ ਨਿਰਦੇਸ਼ਨਾ ਹੇਠ ਬਹੁਤ ਖੁਬਸੂਰਤੀ ਨਾਲ ਪੇਸ਼ ਕੀਤਾ ਗਿਆ। ਇਸ ਸਮੇਂ ਵੱਡੀ ਗਿਣਤੀ ਵਿੱਚ ਸ਼ਾਮਿਲ ਕਿਸਾਨ-ਮਜਦੂਰ ਮਰਦ ਔਰਤਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਮਨਜੀਤ ਸਿੰਘ , ਗੁਰਬਿੰਦਰ ਸਿੰਘ ਕਲਾਲਾ, ਜਰਨੈਲ ਸਿੰਘ ਚੰਨਣਵਾਲ, ਗੁਰਮੇਲ ਠੁੱਲੀਵਾਲ, ਦਰਸ਼ਨ ਸਿੰਘ ਰਾਏਸਰ, ਜਗਰਾਜ ਸਿੰਘ ਹਰਦਾਸਪੁਰਾ ਅਤੇ ਅਮਰਜੀਤ ਸਿੰਘ ਠੁੱਲੀਵਾਲ ਨੇ ਕਿਹਾ ਕਿ 1 ਅਗਸਤ ਤੋਂ ਸ਼ੁਰੂ ਹੋਈ ਮੀਟਿੰਗਾਂ/ਨੁੱਕੜ ਨਾਟਕਾਂ ਦੀ ਮੁਹਿੰਮ ਨੇ ਮਹਿਲ ਕਲਾਂ ਬਲਾਕ ਦੇ 30 ਪਿੰਡ ਕਵਰ ਕਰ ਲਏ ਹਨ। ਹਰ ਪਿੰਡ ਵਿੱਚੋਂ ਕਿਸਾਨ ਮਰਦ ਤੇ ਔਰਤਾਂ ਦਾ ਬਹੁਤ ਵੱਡਾ ਹੁੰਗਾਰਾ ਮਿਲਿਆ ਹੈ।
ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵੱਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨਾਂ ਨੂੰ ਰੱਦ ਕਰਵਾਉਣ ਅਤੇ ਐਮ.ਐਸ.ਪੀ. ਦੀ ਗਰੰਟੀ ਵਾਲਾ ਨਵਾਂ ਕਾਨੂੰਨ ਬਨਾਉਣ ਅਤੇ ਬਿਜਲੀ ਸੋਧ ਬਿਲ-2021 ਰੱਦ ਕਰਾਉਣ ਲਈ ਦਿੱਲੀ ਦੇ ਬਾਰਡਰਾਂ ਤੇ ਹਰ ਮੁਸ਼ਕਲ ਹਰ ਸਾਜਿਸ਼ ਖਿਲਾਫ ਜੂਝਦਾ ਹੋਇਆ, ਸੰਘਰਸ਼ ਨੌਵੇਂ ਮਹੀਨੇ ਵਿੱਚ ਦਾਖਲ ਹੋ ਗਿਆ ਹੈ। ਇਨ੍ਹਾਂ ਖੇਤੀ ਵਿਰੋਧੀ ਕਾਲੇ ਕਾਨੂੰਨਾਂ ਰਾਹੀਂ ਇੱਕ ਵਾਰ ਕਰੋੜਾਂ-ਕਰੋੜ ਲੋਕਾਂ ਦੇ ਉਜਾੜੇ ਦਾ ਸਵਾਲ ਹੈ ਤੇ ਦੂਜੇ ਪਾਸੇ ਸਾਮਰਾਜੀ ਸੰਸਥਾਵਾਂ ਅਤੇ ਭਾਰਤੀ ਉੱਚ ਅਮੀਰ ਘਰਾਣਿਆਂ ਦੇ ਲੁਟੇਰੇ ਹਿੱਤ ਹਨ।
ਆਗੂਆਂ ਇਹ ਵੀ ਦੱਸਿਆ ਕਿ ਔਰਤ ਮੁਕਤੀ ਦਾ ਚਿੰਨ ਬਣੀ ‘ਸ਼ਹੀਦ ਕਿਰਨਜੀਤ ਕੌਰ’ ਮਹਿਲ ਕਲਾਂ ਨੂੰ ਸ਼ਰਧਾਂਜਲੀ ਭੇਂਟ ਕਰਨ ਲਈ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਸੰਯੁਕਤ ਕਿਸਾਨ ਮੋਰਚਾ ਦੀ ਸਮੁੱਚੀ ਲੀਡਰਸ਼ਿਪ ਪਹੁੰਚ ਰਹੀ ਹੈ। ਇਨ੍ਹਾਂ ਮੀਟਿੰਗ ਨੂੰ ਅਮਨਦੀਪ ਸਿੰਘ ਰਾਏਸਰ, ਅੰਗਰੇਜ ਸਿੰਘ ਰਾਏਸਰ, ਜੱਗੀ ਰਾਏਸਰ, ਭੁਪਿੰਦਰ ਸਹੌਰ, ਦਲਵੀਰ ਸਿੰਘ, ਭੋਲਾ, ਗੁਰਪ੍ਰੀਤ ਸਿੰਘ ਸਹਿਜੜਾ, ਅਮਨਦੀਪ ਸਿੰਘ ਮਹਿਲਕਲਾਂ, ਸੋਹਣ ਸਿੰਘ ਮਹਿਲਕਲਾਂ, ਗੋਬਿੰਦਰ ਸਿੰਘ ਮਹਿਲਕਲਾਂ, ਪ੍ਰੀਤਮ ਸਿੰਘ ਮਹਿਲਕਲਾਂ, ਪਰਮਜੀਤ ਸਿੰਘ ਖਾਲਸਾ ਆਦਿ ਕਿਸਾਨ ਆਗੂਆਂ ਨੇ ਆਗੂ ਟੀਮ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਸ਼ਹੀਦ ਕਿਰਨਜੀਤ ਕੌਰ ਦੇ 12 ਅਗਸਤ ਦਾਣਾ ਮੰਡੀ ਮਹਿਲਕਲਾਂ ਵਿਖੇ ਮਨਾਏ ਜਾ ਰਹੇ 24 ਵੇਂ ਬਰਸੀ ਸਮਾਗਮ ਵਿੱਚ (ਰਾਸ਼ਨ, ਦੁੱਧ, ਆਰਥਿਕ ਸਹਾਇਤਾ ) ਹਰ ਪੱਖੋਂ ਤਿਆਰੀਆਂ ਕਰਕੇ ਕਿਸਾਨ ਮਰਦ ਔਰਤਾਂ ਦੇ ਕਾਫਲੇ ਬੰਨ੍ਹ ਪਹੁੰਚਣਗੇ।