
ਢਾਣੀ ਨੱਥਾਂ ਸਿੰਘ ਦੇ ਪਿੰਡ ਵਾਸੀਆਂ ਨੂੰ ਸਾਫ ਪਾਣੀ ਦੀ ਹੋਵੇਗੀ ਸਹੂਲਤ ਪ੍ਰਾਪਤ
ਜਲਾਲਾਬਾਦ/ਫਾਜ਼ਿਲਕਾ, 14 ਅਗਸਤ: ਕੈਪਟਨ ਅਮਰਿੰਦਰ ਦੀ ਪੰਜਾਬ ਸਰਕਾਰ ਸ਼ਹਿਰਾਂ ਦੇ ਨਾਲ-ਨਾਲ ਪਿੰਡਾਂ ਦਾ ਵਿਕਾਸ ਕਰਨ ਲਈ ਵਿਸ਼ੇਸ਼ ਹੰਭਲੇ ਮਾਰ ਰਹੀ ਹੈ। ਭਾਰਤ ਪਾਕਿਸਤਾਨ ਦੀ ਸਰਹੱਦ `ਤੇ ਵਸੇ ਪਿੰਡਾਂ ਦੇ ਵਿਕਾਸ ਕਾਰਜਾਂ ਨੂੰ ਮੁਕੰਮਲ ਕਰਨ ਲਈ ਹਲਕਾ ਇੰਚਾਰਜਾਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ ਜਿਸ ਤਹਿਤ ਕੋਈ ਵੀ ਪਿੰਡ ਵਿਕਾਸ ਪੱਖੋਂ ਪਿਛੇ ਨਾ ਰਹਿ ਜਾਵੇ। ਇਸੇ ਤਹਿਤ ਪਿੰਡ ਢਾਣੀ ਨੱਥਾ ਸਿੰਘ ਵਿਖੇ 42.35 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾ ਰਹੇ ਨਵੇਂ ਵਾਟਰ ਵਰਕਸ ਦਾ ਨੀਂਹ ਪੱਥਰ ਅੱਜ ਜਲਾਲਾਬਾਦ ਦੇ ਵਿਧਾਇਕ ਸ੍ਰੀ ਰਮਿੰਦਰ ਸਿੰਘ ਆਵਲਾ ਅਤੇ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਰੱਖਿਆ।
ਜਲਾਲਾਬਾਦ ਵਿਧਾਇਕ ਸ੍ਰੀ ਆਵਲਾ ਨੇ ਕਿਹਾ ਕਿ ਪਿੰਡ ਦੇ ਵਸਨੀਕਾਂ ਨੂੰ ਸ਼ੁੱਧ ਪਾਣੀ ਮੁਹੱਈਆ ਕਰਵਾਉਣ ਲਈ ਅਨੇਕਾ ਉਪਰਾਲੇ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸੇ ਤਹਿਤ ਵੱਖ-ਵੱਖ ਪ੍ਰੋਜੈਕਟਾਂ ਨੂੰ ਜਿਥੇ ਸ਼ੁਰੂ ਕੀਤਾ ਜਾ ਰਿਹਾ ਹੈ ਉਥੇ ਅਨੇਕਾਂ ਪਿੰਡਾਂ ਦੇ ਪੀਣ ਵਾਲੇ ਪਾਣੀ ਮੁਹੱਈਆ ਕਰਵਾਉਣ ਦੇ ਪ੍ਰੋਜੈਕਟਾਂ ਨੂੰ ਮੁਕੰਮਲ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਹਰੇਕ ਹਰੇਕ ਘਰ ਤੱਕ ਪਾਣੀ ਦਾ ਕੁਨੈਕਸ਼ਨ ਮੁਹੱਈਆ ਕਰਵਾਇਆ ਜਾ ਰਿਹਾ ਹੈ ਤਾਂ ਜੋ ਕੋਈ ਵੀ ਵਸਨੀਕ ਦੂਸ਼ਿਤ ਪਾਣੀ ਨਾ ਪੀਵੇ ਅਤੇ ਤੰਦਰੁਸਤ ਰਹਿ ਸਕੇ।
ਇਸ ਦੌਰਾਨ ਡਿਪਟੀ ਕਮਿਸ਼ਨਰ ਸ. ਅਰਵਿੰਦ ਪਾਲ ਸਿੰਘ ਸੰਧੂ ਨੇ ਦੱਸਿਆ ਕਿ ਵਰਲਡ ਬੈਂਕ ਦੀ ਸਹਾਇਤਾ ਨਾਲ ਨਵਾਂ ਵਾਟਰ ਵਰਕਸ ਬਣਾਉਣ ਲਈ 42.35 ਲੱਖ ਰੁਪਏ ਦੀ ਰਕਮ ਮੰਜੂਰੀ ਕੀਤੀ ਗਈ ਹੈ। ਇਸ ਵਿਚ ਨਵਾਂ ਟਿਉਬਵੈਲ, ਪੰਪ ਚੈਂਬਰ, ਪਾਣੀ ਦੀ ਟੈਂਕੀ ਅਤੇ ਸਾਰੇ ਪਿੰਡ ਵਿਚ ਨਵੀਂ ਪਾਈਪ ਲਾਈਨ ਲਗਭਗ 2.5 ਕਿਲੋਮੀਟਰ ਅਤੇ ਘਰਾਂ ਨੂੰ ਪਾਣੀ ਦਾ ਕੁਨੈਕਸ਼ਨ ਦੇਣ ਦਾ ਕੰਮ ਸ਼ਾਮਿਲ ਹੈ।ਇਸ ਨਾਲ ਪਿੰਡ ਵਾਸੀਆਂ ਨੂੰ ਸਾਫ ਪਾਣੀ ਦੀ ਸਹੂਲਤ ਮਿਲੇਗੀ।
ਇਸ ਮੌਕੇ ਐਸ.ਡੀ.ਐਮ. ਜਲਾਲਾਬਾਦ ਸ੍ਰੀ ਰਵਿੰਦਰ ਸਿੰਘ ਅਰੋੜਾ, ਤਹਿਸੀਲਦਾਰ ਫਾਜ਼ਿਲਕਾ ਸ੍ਰੀ ਸ਼ੀਸ਼ਪਾਲ, ਕਾਰਜਕਾਰੀ ਇੰਜੀਨੀਅਰ ਸ੍ਰੀ ਚਮਕ ਸਿੰਗਲਾ, ਉਪ ਮੰਡਲ ਇੰਜੀਨੀਅਰ ਸ੍ਰੀ ਬਲਵਿੰਦਰ ਸਿੰਘ, ਸ੍ਰੀ ਅੰਗਰੇਜ਼ ਸਿੰਘ ਜੂਨੀਅਰ ਇੰਜੀਨੀਅਰ ਅਤੇ ਹੋਰ ਸੋਸ਼ਲ ਸਟਾਫ ਮੌਜੂਦ ਸੀ।