
ਬਟਾਲਾ, 15 ਅਗਸਤ (ਲੱਕੀ ਰਾਜਪੂਤ) ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ 75ਵੇਂ ਅਜ਼ਾਦੀ ਦਿਹਾੜੇ ਦੀ ਬਟਾਲਾ ਨਿਵਾਸੀਆਂ ਸਮੇਤ ਪੂਰੇ ਦੇਸ਼ ਨੂੰ ਵਧਾਈ ਦਿੱਤੀ ਹੈ। ਅੱਜ ਸਥਾਨਕ ਕਾਂਗਰਸ ਭਵਨ ਵਿਖੇ ਮਨਾਏ ਅਜ਼ਾਦੀ ਸਮਾਗਮ ਦੌਰਾਨ ਕੌਮੀ ਝੰਡਾ ਲਹਿਰਾਉਣ ਦੀ ਰਸਮ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਨਿਭਾਈ।
ਬਟਾਲਾ ਵਾਸੀਆਂ ਨੂੰ ਅਜ਼ਾਦੀ ਦਿਹਾੜੇ ਦੀ ਮੁਬਾਰਕਬਾਦ ਦਿੰਦਿਆਂ ਚੇਅਰਮੈਨ ਸ੍ਰੀ ਸੇਖੜੀ ਨੇ ਕਿਹਾ ਕਿ ਅੱਜ ਸਾਡੇ ਦੇਸ਼ ਲਈ ਬੜਾ ਫਖਰ ਦਾ ਦਿਨ ਹੈ, ਕਿਉਂਕਿ 15 ਅਗਸਤ 1947 ਨੂੰ ਸਾਡਾ ਮੁਲਕ ਅਜ਼ਾਦ ਹੋਇਆ ਸੀ। ਉਨ੍ਹਾਂ ਕਿਹਾ ਕਿ ਸਾਡੇ ਪੁਰਖਿਆਂ ਨੂੰ ਅਜ਼ਾਦੀ ਲੈਣ ਲਈ ਬਹੁਤ ਵੱਡੀ ਕੀਮਤ ਤਾਰਨੀ ਪਈ ਹੈ ਅਤੇ ਬਹੁਤ ਸਾਰੇ ਦੇਸ਼ ਭਗਤਾਂ ਨੇ ਆਪਣੀਆਂ ਜਾਨਾ ਵਾਰ ਕਰਕੇ, ਤਸੀਹੇ ਸਹਿ ਕੇ ਦੇਸ਼ ਨੂੰ ਅਜ਼ਾਦ ਕਰਵਾਇਆ। ਉਨ੍ਹਾਂ ਕਿਹਾ ਕਿ ਸ਼ਹੀਦ ਕਰਤਾਰ ਸਿੰਘ ਸਰਾਭਾ, ਰਾਜਗੁਰੂ, ਸੁਖਦੇਵ, ਸ਼ਹੀਦ ਭਗਤ ਸਿੰਘ, ਸ਼ਹੀਦ ਊਧਮ ਸਿੰਘ ਅਤੇ ਲਾਲਾ ਲਾਜਪਤ ਰਾਏ ਦੀਆਂ ਕੁਰਬਾਨੀਆਂ ਸਦਕਾ ਹੀ ਅਸੀਂ ਅੱਜ ਅਜ਼ਾਦ ਮੁਲਕ ਦੀ ਫਿਜ਼ਾ ਵਿੱਚ ਸਾਹ ਲੈ ਰਹੇ ਹਾਂ।

ਪੰਜਾਬ ਸਰਕਾਰ ਵੱਲੋਂ ਬਟਾਲਾ ਸ਼ਹਿਰ ਵਿੱਚ ਕੀਤੇ ਵਿਕਾਸ ਕਾਰਜਾਂ ਦਾ ਜਿਕਰ ਕਰਦਿਆਂ ਚੇਅਰਮੈਨ ਸ੍ਰੀ ਅਸ਼ਵਨੀ ਸੇਖੜੀ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਟਾਲੇ ਸ਼ਹਿਰ ਦਾ ਰਿਕਾਰਡ ਵਿਕਾਸ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਅਮੁਰਤ ਯੋਜਨਾ ਬਟਾਲਾ ਸ਼ਹਿਰ ਲਈ ਵਰਦਾਨ ਸਾਬਤ ਹੋ ਰਹੀ ਹੈ ਅਤੇ ਇਸ ਪ੍ਰੋਜੈਕਟ ਉੱਪਰ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਉਨ੍ਹਾਂ ਕਿਹਾ ਕਿ ਬਟਾਲਾ ਸ਼ਹਿਰ ਲਈ ਹੋਰ ਵੀ ਵਿਕਾਸ ਪ੍ਰੋਜੈਕਟ ਲਿਆਂਦੇ ਜਾ ਰਹੇ ਹਨ।
ਸ੍ਰੀ ਸੇਖੜੀ ਨੇ ਕਿਹਾ ਕਿ ਉਨ੍ਹਾਂ ਨੇ ਬੀਤੇ ਚਾਰ ਸਾਲਾਂ ਵਿਚ ਬਟਾਲਾ ਸ਼ਹਿਰ ਵਿੱਚ 15000 ਤੋਂ ਵੱਧ ਬੁਢਾਪਾ, ਵਿਧਵਾ ਤੇ ਆਸ਼ਰਿਤ ਪੈਨਸ਼ਨਾਂ ਲਗਵਾ ਕੇ ਦਿੱਤੀਆਂ ਹਨ ਅਤੇ ਸਵਾ ਦੋ ਕਰੋੜ ਤੋਂ ਵੱਧ ਦੀ ਪੈਨਸ਼ਨ ਹਰ ਮਹੀਨੇ ਬਟਾਲਾ ਹਲਕੇ ਦੇ ਉਨ੍ਹਾਂ ਲਾਭਪਾਤਰੀਆਂ ਨੂੰ ਮਿਲ ਰਹੀ ਹੈ। ਇਸ ਮੌਕੇ ਸਿਟੀ ਕਾਂਗਰਸ ਪ੍ਰਧਾਨ ਸਵਰਨ ਮੁੱਢ, ਡਿਪਟੀ ਵੋਹਰਾ, ਬਲਦੇਵ ਸਿੰਘ, ਸਵਿੰਦਰ ਸਿੰਘ ਭਾਗੋਵਾਲੀਆ, ਰਮੇਸ਼ ਕੁਮਾਰ ਕਾਮਰੇਡ, ਸੋਨੀ ਤੋਂ ਇਲਾਵਾ ਹੋਰ ਆਗੂ ਵੀ ਹਾਜ਼ਰ ਸਨ।