
ਪੁਲਿਸ ਵਲੋਂ ਕਾਰਵਾਈ ਨਾ ਕਰਨ ਤੇ ਲੋਕਾਂ ਨੇ ਬਰਨਾਲਾ-ਲੁਧਿਆਣਾ ਹਾਈਵੇ ਕੀਤਾ ਜਾਮ
ਮਹਿਲ ਕਲਾ 15 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਪਿੰਡ ਗੁਰਮਾਂ ‘ਚ ਆਪਣੀ ਪਤਨੀ ਦੇ ਨਜ਼ਾਇਜ਼ ਸਬੰਧਾਂ ਤੋਂ ਤੰਗ ਆ ਕੇ ਆਤਮ ਹੱਤਿਆ ਕਰਨ ਵਾਲੇ ਸ਼ੇਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲਿਆਂ ਖਿਲਾਫ ਕੋਈ ਕੇਸ ਦਰਜ਼ ਨਾ ਕਰਨ ਤੋਂ ਭੜ੍ਹਕੇ ਲੋਕਾਂ ਨੇ ਲਾਸ਼ ਦਾ ਅੰਤਿਮ ਸੰਸਕਾਰ ਕਰਨ ਤੋਂ ਇਨਕਾਰ ਕਰਦਿਆਂ ਲਾਸ਼ ਸੰਘੇੜਾ ਚੌਂਕ ਵਿੱਚ ਰੱਖ ਕੇ ਬਰਨਾਲਾ-ਲੁਧਿਆਣਾ ਹਾਈਵੇ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀ ਲਾਸ਼ ਨੂੰ ਮ੍ਰਿਤਕ ਦੇ ਘਰ ਤੋਂ ਲੈ ਕੇ ਸੰਘੇੜਾ ਚੌਂਕ ਬਰਨਾਲਾ ਤੱਕ ਪਹੁੰਚੇ ਤਾਂ ਪੁਲਿਸ ਪ੍ਰਸ਼ਾਸ਼ਨ ਨੂੰ ਹੱਥਾਂ ਪੈਰਾਂ ਦੀ ਪੈ ਗਈ।
ਇਸ ਮੌਕੇ ਸ਼ੇਰ ਸਿੰਘ (30 ਸਾਲ) ਦੀ ਭੂਆ ਦੇ ਪੁੱਤਰਾਂ ਲਖਵਿੰਦਰ ਸਿੰਘ ਅਤੇ ਸੰਦੀਪ ਸਿੰਘ ਵਾਸੀ ਗੁਰਮਾਂ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਸ਼ੇਰ ਸਿੰਘ ਦੀ ਪਤਨੀ ਦਲਜੀਤ ਕੌਰ ਦੇ ਆਪਣੇ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਲ ਕਥਿਤ ਨਜ਼ਾਇਜ਼ ਸਬੰਧ ਸਨ। ਜਿੰਨਾਂ ਤੋਂ ਤੰਗ ਆ ਕੇ ਸ਼ੇਰ ਸਿੰਘ ਨੇ 11/12 ਅਗਸਤ ਦੀ ਦਰਮਿਆਨੀ ਰਾਤ ਨੂੰ ਆਪਣੇ ਘਰ ਅੰਦਰ ਛੱਤ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ।
ਇਸ ਉਪਰੰਤ ਪੁਲਿਸ ਨੇ ਮਾਮਲੇ ਦੀ ਕੋਈ ਜਾਂਚ ਕਰਕੇ ਦੋਸ਼ੀਆਂ ਖਿਲਾਫ ਕੋਈ ਕੇਸ ਦਰਜ਼ ਕਰਨ ਦੀ ਬਜਾਏ ਸ਼ੇਰ ਸਿੰਘ ਦੀ ਕਥਿਤ ਦੋਸ਼ੀ ਪਤਨੀ ਦੇ ਬਿਆਨਾਂ ਦੇ ਅਧਾਰ ਤੇ 174 ਸੀ.ਆਰ.ਪੀ.ਸੀ. ਤਹਿਤ ਕਾਨੂੰਨੀ ਕਾਰਵਾਈ ਕਰਕੇ ਮਾਮਲੇ ਨੂੰ ਰਫਾ ਦਫਾ ਕਰ ਦਿੱਤਾ ਅਤੇ ਲਾਸ਼ ਵੀ ਪੋਸਟਮਾਰਟ ਉਪਰੰਤ ਮ੍ਰਿਤਕ ਦੇ ਘਰ ਭੇਜ਼ ਦਿੱਤੀ। ਜਿਸ ਤੋਂ ਪਿੰਡ ਵਾਸੀ ਅਤੇ ਮ੍ਰਿਤਕ ਦੇ ਹੋਰ ਰਿਸ਼ਤੇਦਾਰ ਭੜ੍ਹਕ ਉੱਠੇ ਅਤੇ ਪੁਲਿਸ ਖਿਲਾਫ ਨਾਅਰੇਬਾਜੀ ਸ਼ੁਰੂ ਕਰ ਦਿੱਤੀ।
ਪੁਲਿਸ ਵਲੋਂ ਦੋਸ਼ੀਆਂ ਖਿਲਾਫ ਕਾਨੂੰਨੀ ਕਾਰਵਾਈ ਕਰਨ ਲਈ ਢਿੱਲਾ ਵਤੀਰਾ ਦੇਖਦੇ ਹੋਏ ਪ੍ਰਦਰਸ਼ਨਕਾਰੀਆਂ ਦਾ ਗੁੱਸਾ ਸੱਤਵੇਂ ਅਸਮਾਨ ਤੇ ਚੜ੍ਹ ਗਿਆ। ਜਿਸ ਉਪਰੰਤ ਰਿਸ਼ਤੇਦਾਰਾਂ ਅਤੇ ਲੋਕਾਂ ਵਲੋਂ ਲਾਸ਼ ਨੂੰ ਚੌਂਕ ‘ਚ ਰੱਖ ਕੇ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੁਧਿਆਣਾ ਰੋਡ ਜਾਮ ਕਰ ਦਿੱਤਾ। ਪ੍ਰਦਰਸ਼ਨਕਾਰੀਆਂ ਦੀ ਮੰਗ ਸੀ, ਕਿ ਸ਼ੇਰ ਸਿੰਘ ਨੂੰ ਆਤਮ ਹੱਤਿਆ ਲਈ ਮਜਬੂਰ ਕਰਨ ਵਾਲੀ ਉਸ ਦੀ ਪਤਨੀ ਦਲਜੀਤ ਕੌਰ ਅਤੇ ਉਸ ਦੇ ਆਸ਼ਿਕ ਕੁਲਵਿੰਦਰ ਸਿੰਘ ਗੁਰਮ ਦੇ ਖਿਲਾਫ ਕੇਸ ਦਰਜ਼ ਕਰਕੇ, ਦੋਵਾਂ ਨੂੰ ਗ੍ਰਿਫਤਾਰ ਕੀਤਾ ਜਾਵੇ।
ਸਥਾਨਕ ਲੋਕਾਂ ਨੇ ਪੁਲਿਸ ਨੂੰ ਚਿਤਾਵਨੀ ਦਿੱਤੀ ਕਿ ਜਿੰਨਾਂ ਚਿਰ ਪੁਲਿਸ ਦੋਸ਼ੀਆਂ ਨੂੰ ਫੜ੍ਹਦੀ ਨਹੀਂ, ਉਨਾਂ ਸਮਾਂ ਲਾਸ਼ ਰੱਖ ਕੇ ਪ੍ਰਦਰਸ਼ਨ ਜ਼ਾਰੀ ਰਹੇਗਾ। ਉੱਧਰ ਥਾਣਾ ਠੁੱਲੀਵਾਲ ਦੇ ਐਸ.ਐਚ.ਓ. ਬਲਜੀਤ ਸਿੰਘ ਢਿੱਲੋਂ ਨਾਲ ਗੱਲਬਾਤ ਕਰਨ ਲਈ ਫੋਨ ਕੀਤਾ, ਪਰੰਤੂ ਉਨਾਂ ਫੋਨ ਰਿਸੀਵ ਕਰਨ ਦੀ ਲੋੜ ਨਹੀਂ ਸਮਝੀ। ਪਹਿਲਾਂ ਵੀ ਕਈ ਹੋਰ ਮਸਲਿਆਂ ਤੇ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੇ ਫੋਨ ਚੁੱਕਣ ਦੀ ਲੋੜ ਨਹੀਂ ਸਮਝੀ ।