
ਸ੍ਰੀ ਮੁਕਤਸਰ ਸਾਹਿਬ, 15 ਅਗਸਤ: ਗੁਰੂ ਗੋਬਿੰਦ ਸਿੰਘ ਸਟੇਡੀਅਮ ਸ੍ਰੀ ਮੁਕਤਸਰ ਸਾਹਿਬ ਵਿਖੇ ਮਨਾਏ ਗਏ ਜ਼ਿਲ੍ਹਾ ਪੱਧਰੀ ਆਜਾਦੀ ਦਿਵਸ ਮੌਕੇ ਰਾਣਾ ਗੁਰਮੀਤ ਸਿੰਘ ਸੋਢੀ,ਯੁਵਕ ਸੇਵਾਵਾਂ ਅਤੇ ਖੇਡ ਮੰਤਰੀ ਪੰਜਾਬ, ਨੇ ਕੌਮੀ ਝੰਡਾ ਲਹਿਰਾਇਆ ਅਤੇ ਪਰੇਡ ਤੋਂ ਸਲਾਮੀ ਲਈ।
ਇਸ 75ਵੇਂ ਸੁਤੰਤਰਤਾ ਦਿਵਸ ਸਮਾਗਮ ਮੌਕੇ ਆਪਣੇ ਸੰਬੋਧਨ ਵਿਚ ਸ.ਸੋਢੀ ਨੇ ਸ੍ਰੀ ਮੁਕਤਸਰ ਸਾਹਿਬ ਦੇ ਚਾਲੀ ਮੁਕਤਿਆਂ ਸਮੇਤ ਦੇਸ਼ ਦੀ ਅਜਾਦੀ ਲਈ ਜਾਨਾਂ ਵਾਰਨ ਵਾਲੇ ਸ਼ਹੀਦਾਂ ਦੀ ਸ਼ਹਾਦਤ ਨੂੰ ਨਮਨ ਕਰਦਿਆਂ ਸੁਤੰਤਰਤਾ ਸੰਗਰਾਮ ਦੀ ਗਾਥਾ ਸਾਂਝੀ ਕੀਤੀ ਅਤੇ ਇਸ ਲੜਾਈ ਵਿਚ ਪੰਜਾਬੀਆਂ ਦੇ ਯੋਗਦਾਨ ਨੂੰ ਵੀ ਸਿਜਦਾ ਕੀਤਾ। ਉਨਾਂ ਨੇ ਅਜਾਦੀ ਤੋਂ ਬਾਅਦ ਦੇਸ਼ ਨੂੰ ਅਨਾਜ ਉਤਪਾਦਨ ਵਿਚ ਆਤਮ ਨਿਰਭਰ ਕਰਨ ਵਾਲੇ ਕਿਸਾਨਾਂ ਦੀ ਮਿਹਨਤ ਦੀ ਸਲਾਘਾ ਕੀਤੀ।
ਸ.ਸੋਢੀ ਨੇ ਕਿਹਾ ਕਿ ਬੇਸ਼ਕ ਸਾਡੇ ਮੁਲਕ ਨੇ ਅਜਾਦੀ ਤੋਂ ਬਾਅਦ ਤਰੱਕੀ ਦੀ ਲਾਮਿਸਾਲ ਗਾਥਾ ਲਿਖੀ ਹੈ, ਪਰ ਹਾਲੇ ਵੀ ਬਹੁਤ ਕੁਝ ਕਰਨਾ ਬਾਕੀ ਹੈ। ਅਸੀਂ ਲੰਬੀ ਵਾਟ ਤੈਅ ਕੀਤੀ ਹੈ ਪਰ ਸਾਡੀ ਮੰਜਿਲ ਹਾਲੇ ਵੀ ਦੂਰ ਹੈ ਜਿਸ ਲਈ ਹਰ ਇਕ ਦੇਸ਼ ਵਾਸੀ ਨੂੰ ਦੇਸ਼ ਭਗਤੀ ਦੀ ਭਾਵਨਾ ਨਾਲ ਇਕ ਦੂਜੇ ਦੇ ਮੋਢੇ ਨਾਲ ਮੋਢਾ ਜੋੜ ਕੇ ਅੱਗੇ ਵਧਣਾ ਹੋਵੇਗਾ ਤਾਂ ਜੋ ਅਸੀਂ ਆਪਣੇ ਦੇਸ਼ ਨੂੰ ਵਿਸ਼ਵ ਸ਼ਕਤੀ ਬਣਾ ਸਕੀਏ।
ਇਸ ਮੌਕੇ ਤੇ ਉਹਨਾ ਸੰਬੋਧਨ ਕਰਦਿਆਂ ਰਾਣਾ ਸੋਢੀ ਨੇ ਦੱਸਿਆ ਕਿ ਸੂਬੇ ਦੇ ਖਿਡਾਰੀਆਂ ਨੂੰ ਵਧੀਆ ਖੇਡ ਸਹੂਲਤਾਂ ਪ੍ਰਦਾਨ ਕਰਨ ਲਈ ਪੰਜਾਬ ਸਰਕਾਰ ਵੱਲੋਂ ਨਵੀਂ ਖੇਡ ਨੀਤੀ-2018 ਲਾਗੂ ਕੀਤੀ ਗਈ ਹੈ ਤਾਂ ਜੋ ਸੂਬੇ ਵਿੱਚ ਖੇਡ-ਪੱਖੀ ਮਾਹੌਲ ਸਿਰਜਿਆ ਜਾ ਸਕੇ ਅਤੇ ਉਨ੍ਹਾਂ ਨੂੰ ਖੇਡਾਂ ਦਾ ਖੇਤਰ ਵਿੱਚ ਹੀ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਸਕੇ। ਨਵੀਂ ਨੀਤੀ ਤਹਿਤ ਉਲੰਪਿਕ ਖੇਡਾਂ ਵਿੱਚ ਸੋਨੇ, ਚਾਂਦੀ ਤੇ ਕਾਂਸੀ ਦਾ ਤਮਗ਼ਾ ਜੇਤੂ ਨੂੰ ਕ੍ਰਮਵਾਰ 2.25 ਕਰੋੜ, 1.5 ਕਰੋੜ ਅਤੇ 1 ਕਰੋੜ ਰੁਪਏ ਅਤੇ ਵਧੀਆ ਨੌਕਰੀ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ।
ਉਹਨਾ ਦੱਸਿਆ ਕਿ ਲੁਧਿਆਣਾ, ਰਾਜਪੁਰਾ, ਧੂਰੀ, ਅਮਰਗੜ੍ਹ, ਨਵਾਂਸ਼ਹਿਰ, ਖਡੂਰ ਸਾਹਿਬ ਅਤੇ ਪਠਾਨਕੋਟ ਵਿੱਚ ਬਲਾਕ ਪੱਧਰੀ ਬਹੁ-ਮੰਤਵੀ ਖੇਡ ਸਟੇਡੀਅਮਾਂ ਨੂੰ ਮੁਕੰਮਲ ਕਰਨ ਅਤੇ ਨਵੇਂ ਖੇਡ ਢਾਂਚੇ ਦੇ ਨਿਰਮਾਣ ਲਈ 29 ਕਰੋੜ ਰੁਪਏ ਦੀ ਰਾਸ਼ੀ ਅਲਾਟ ਕੀਤੀ ਗਈ ਹੈ। ਇਸੇ ਤਰ੍ਹਾਂ 50 ਲੱਖ ਰੁਪਏ ਦੀ ਲਾਗਤ ਨਾਲ ਟੇਬਲ-ਟੈਨਿਸ ਸਟੇਡੀਅਮ, ਜਲੰਧਰ ਦੀ ਵਿਸ਼ੇਸ਼ ਮੁਰੰਮਤ ਦਾ ਪ੍ਰਬੰਧ ਕੀਤਾ ਗਿਆ। ਉਹਨਾ ਇਹ ਵੀ ਦੱਸਿਆ ਕਿ ਫ਼ਿਰੋਜ਼ਪੁਰ ਵਿਖੇ ਨਵੀਂ ਰੋਇੰਗ ਅਕੈਡਮੀ ਅਤੇ ਹੁਸ਼ਿਆਰਪੁਰ ਵਿਖੇ ਨਵੀਂ ਕੁਸ਼ਤੀ ਅਕੈਡਮੀ ਸਥਾਪਤ ਕੀਤੀ ਜਾ ਰਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਹਨਾ ਦੱਸਿਆ ਕਿ ਮੁੱਖ ਮੰਤਰੀ ਵੱਲੋਂ ਪੰਜਾਬ ਵਿਚ ਅਮਨ-ਸ਼ਾਂਤੀ ਬਰਕਰਾਰ ਰੱਖਣ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਕਾਰਵਾਈ ਕਰਦੇ ਹੋਏ ਗੈਂਗਸਟਰਾਂ ਨੂੰ ਨੱਥ ਪਾਈ ਗਈ ਹੈ। ਹੁਣ ਤੱਕ ਪੰਜਾਬ ਪੁਲਿਸ ਵੱਲੋਂ 3218 ਗੈਗਸਟਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਜਾਂ ਖਤਮ ਕਰ ਦਿੱਤਾ ਗਿਆ ਹੈ। ਇਨ੍ਹਾਂ ਵਿੱਚ 484 ਵੱਖ- ਵੱਖ ਸ਼੍ਰੇਣੀਆਂ ਵਿੱਚ ਆਉਂਦੇ ਗੈਂਗਸਟਰ ਵੀ ਸ਼ਾਮਿਲ ਹਨ। ਇਸ ਤੋਂ ਇਲਾਵਾ 46 ਅਤਿਵਾਦੀ ਮਡਿਊਲਾਂ ਦਾ ਪਰਦਾਫਾਸ਼ ਕਰਦਿਆਂ 289 ਦਹਿਸ਼ਤਗਰਦਾਂ ਨੂੰ ਗਿ੍ਰਫਤਾਰ ਵੀ ਕੀਤਾ ਗਿਆ ਜਿਨ੍ਹਾਂ ਕੋਲੋਂ 10 ਡਰੋਨ, 2400 ਨਾਜਾਇਜ਼ ਹਥਿਆਰ ਅਤੇ 40 ਹੱਥਗੋਲੇ ਬਰਾਮਦ ਕੀਤੇ ਗਏ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸ੍ਰੀ ਅਰੁਨਵੀਰ ਵਸਿਸ਼ਟ ਜਿ਼ਲ੍ਹਾ ਅਤੇ ਸੈਸ਼ਨ ਜੱਜ, ਡਿਪਟੀ ਕਮਿਸ਼ਨਰ ਸ੍ਰੀ ਐਮ.ਕੇ.ਅਰਾਵਿੰਦ ਕੁਮਾਰ, ਐਸ.ਐਸ.ਪੀ. ਸ੍ਰੀਮਤੀ ਡੀ ਸੁਡਰਵਿਲੀ,ਸ੍ਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਹਲਕਾ ਵਿਧਾਇਕ ਗਿੱਦੜਬਾਹਾ, ਮੈਡਮ ਕਰਨ ਕੌਰ ਬਰਾੜ ਸਾਬਕਾ ਐਮ.ਐਲ.ਏ, ਸ੍ਰੀਮਤੀ ਰਾਜਦੀਪ ਕੌਰ ਏ.ਡੀ.ਸੀ. (ਜਨਰਲ), ਸ੍ਰੀ ਅਰੁਣ ਕੁਮਾਰ ਏ.ਡੀ.ਸੀ.(ਡੀ), ਸ੍ਰੀ ਸੁਭਾਸ ਕੁਮਾਰ ਚੇਅਰਮੈਨ ਜਿ਼ਲ੍ਹਾ ਯੋਜਨਾ ਬੋਰਡ,ਉਲੰਪਿਕ ਖਿਡਾਰਣ ਕਮਲਪ੍ਰੀਤ ਕੌਰ, ਸ: ਹਰਚਰਨ ਸਿੰਘ ਬਰਾੜ ਪ੍ਰਧਾਨ ਜਿ਼ਲ੍ਹਾ ਕਾਂਗਰਸ,ਸ੍ਰੀ ਪ੍ਰਭਜੋਤ ਸਿੰਘ ਪ੍ਰਧਾਨ ਜਿ਼ਲ੍ਹਾ ਯੂਥ ਕਾਂਗਰਸ,ਸ੍ਰੀ ਕ੍ਰਿਸ਼ਨ ਲਾਲ ਸੰਮੀ ਤੇਰੀਆ ਪ੍ਰਧਾਨ ਨਗਰ ਕੌਸਲ, ਸ: ਜਗਜੀਤ ਸਿੰਘ ਹਨੀ ਫੱਤਣਵਾਲਾ ਮੈਂਬਰ ਪੀ.ਪੀ.ਸੀ. ਸੀ,ਸ: ਸਿਮਰਜੀਤ ਸਿੰਘ ਭੀਨਾ ਬਰਾੜ, ਭਿੰਦਰ ਸ਼ਰਮਾ, ਡਾ. ਨਰੇਸ਼ ਪਰੂਥੀ ਤੋਂ ਇਲਾਵਾ ਵੱਖ ਵੱਖ ਵਿਭਾਗਾਂ ਦੇ ਅਧਿਕਾਰੀ ਅਤੇ ਕਰਮਚਾਰੀ ਹਾਜ਼ਰ ਸਨ।