
ਸਿੱਖਿਆ ਮੰਤਰੀ ਅਤੇ ਸਿੱਖਿਆ ਸਕੱਤਰ ਵੱਲੋਂ ਹਰ ਮੀਟਿੰਗ ‘ਚ ਲਾਰੇ ਲਗਾ ਕੇ ਮੋੜ ਦਿੱਤਾ ਜਾਂਦਾ: ਯੂਨੀਅਨ ਆਗੂ
ਚੰਡੀਗੜ੍ਹ, 2 ਅਗਸਤ (ਹਰਕਿਰਨ ਜੀਤ ਸਿੰਘ ਰਾਮਗੜ੍ਹੀਆ) ਜਿਵੇਂ ਕਿ ਅਸੀਂ ਜਾਣਦੇ ਹਾਂ ਕਿ ਪੰਜਾਬ ਵਿੱਚ ਪਿਛਲੇ ਲੰਮੇ ਸਮੇਂ ਤੋਂ ਅਧਿਆਪਕ ਜੱਥੇਬੰਦੀਆਂ ਵੱਲੋਂ ਲਗਾਤਾਰ ਰੋਜ਼ਗਾਰ ਨੂੰ ਲੈ ਕੇ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਸਰਕਾਰ ਉਪਰ ਇਸ ਦਾ ਕੋਈ ਵੀ ਅਸਰ ਨਹੀਂ ਪੈ ਰਿਹਾ। ਉਥੇ ਹੀ ਅਧਿਆਪਕ ਯੂਨੀਅਨ ਵੀ ਆਪਣੀਆਂ ਮੰਗਾਂ ਨੂੰ ਲੈ ਕੇ ਗੰਭੀਰ ਹਨ ਅਤੇ ਅਧਿਆਪਕਾਂ ਨੇ ਫੈਸਲਾ ਲਿਆ ਹੈ, ਕਿ ਉਹ ਸਰਕਾਰਾਂ ਦੇ ਕੰਨਾਂ ਵਿੱਚ ਆਪਣੀ ਅਵਾਜ਼ ਨੂੰ ਪਹੁੰਚਾ ਕੇ ਰਹਿਣਗੇ।
ਅਜਿਹਾ ਹੀ ਅੱਜ ਨਵੀਂ ਬੇਰੋਜ਼ਗਾਰ ਡੀ.ਪੀ. ਯੂਨੀਅਨ ਵਲੋਂ ਫੈਸਲਾ ਲਿਆ ਗਿਆ ਹੈ, ਕਿ ਉਹ ਆਪਣੀਆਂ ਨਵੀਆਂ ਪੋਸਟਾਂ ਕਢਵਾਕੇ ਰਹਿਣਗੇ ਅਤੇ ਸਰਕਾਰ ਦੇ ਬਹਾਨੇ ਨਹੀਂ ਚੱਲਣ ਦੇਣਗੇ। ਇਸ ਮੌਕੇ ਤੇ ਆਗੂਆਂ ਨੇ ਦੱਸਿਆ ਕਿ ਨਵੀਂ ਬੇਰੋਜ਼ਗਾਰ ਡੀ.ਪੀ.ਈ ਯੂਨੀਅਨ ਵਲੋਂ ਬਹੁਤ ਲੰਮੇ ਸਮੇਂ ਤੋਂ ਸਰਕਾਰ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ, ਪਰੰਤੂ ਪੰਜਾਬ ਸਰਕਾਰ ਅਤੇ ਸਿੱਖਿਆ ਮੰਤਰੀ ਸ੍ਰੀ ਵਿਜੇਇੰਦਰ ਸਿੰਗਲਾ ਨੇ ਹੁਣ ਤੱਕ ਬਹਾਨੇ ਹੀ ਲਾਏ ਹਨ।
ਇਸ ਮੌਕੇ ਤੇ ਨਵੀਂ ਬੇਰੋਜ਼ਗਾਰ ਡੀ.ਪੀ.ਈ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਨੇ ਦੱਸਿਆ ਕਿ ਲੰਮੇ ਸਮੇਂ ਤੋਂ ਸਰੀਰਕ ਸਿੱਖਿਆ ਦੇ ਅਧਿਆਪਕਾਂ ਦੀ ਭਰਤੀ ਨਹੀਂ ਹੋਈ। ਪੰਜਾਬ ਵਿੱਚ ਲਗਪਗ 4000 ਸਰੀਰਕ ਸਿੱਖਿਆ ਦੇ ਅਧਿਆਪਕ ਦੀਆਂ ਅਸਾਮੀਆਂ ਖਾਲੀ ਪਈਆਂ ਹਨ ਅਤੇ ਸਾਡੀ ਮੰਗ ਨਵੀਆਂ 3000 ਪੋਸਟਾਂ ਕਢਵਾਉਣ ਦੀ ਹੈ। ਇਸ ਮੁੱਦੇ ਨੂੰ ਲੈ ਕੇ ਅਸੀਂ ਸਿੱਖਿਆ ਮੰਤਰੀ ਸ੍ਰੀ ਵਿਜੇ ਇੰਦਰ ਸਿੰਗਲਾ ਅਤੇ ਸਿੱਖਿਆ ਸਕੱਤਰ ਸ੍ਰੀ ਕਿਸ਼ਨ ਕੁਮਾਰ ਨਾਲ ਅਨੇਕਾਂ ਪੈਨਲ ਮੀਟਿੰਗਾਂ ਕਰ ਚੁੱਕੇ ਹਾਂ, ਪਰੰਤੂ ਹਰ ਵਾਰੀ ਸਾਨੂੰ ਲਾਰੇ ਲਗਾ ਕੇ ਮੋੜ ਦਿੱਤਾ ਜਾਂਦਾ ਹੈ।
ਉਨਾਂ ਦੱਸਿਆ ਕਿ ਯੂਨੀਅਨ ਵਲੋਂ 25 ਜੁਲਾਈ 2021 ਨੂੰ ਸੰਗਰੂਰ ਵਿਖੇ ਰੋਸ ਪ੍ਰਦਰਸ਼ਨ ਕੀਤਾ ਗਿਆ ਸੀ। ਜਿਸ ਵਿੱਚ ਸੰਗਰੂਰ ਪ੍ਰਸ਼ਾਸਨ ਵਲੋਂ 27 ਜੁਲਾਈ 2021 ਦੀ ਸਿੱਖਿਆ ਮੰਤਰੀ ਨਾਲ ਚੰਡੀਗੜ੍ਹ ਵਿਖੇ ਪੈਨਲ ਮੀਟਿੰਗ ਨਿਸ਼ਚਿਤ ਕਰਵਾਈ ਗਈ ਸੀ। ਮੀਟਿੰਗ ਵਿੱਚ ਸਿੱਖਿਆ ਮੰਤਰੀ ਨੇ ਫਿਰ ਤੋਂ ਲਾਰਾ ਲਗਾ ਕੇ ਵਾਪਸ ਮੋੜ ਦਿੱਤਾ ਸੀ। ਉਨ੍ਹਾਂ ਕਿਹਾ ਕਿ ਇਸੇ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ, ਅੱਜ ਯੂਨੀਅਨ ਦੇ ਮੈਂਬਰਾਂ ਵੱਲੋਂ ਫੈਸਲਾ ਲਿਆ ਗਿਆ ਹੈ ਕਿ ਆਉਣ ਵਾਲੀ 4 ਅਗਸਤ ਨੂੰ ਪਟਿਆਲਾ ਵਿਖੇ ਸੂਬਾ ਪੱਧਰੀ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ, ਜਿਸ ਵਿਚ ਯੂਨੀਅਨ ਵਲੋਂ ਕੋਈ ਵੀ ਕਦਮ ਚੁੱਕਿਆ ਜਾ ਸਕਦਾ ਹੈ। ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਅਤੇ ਪਟਿਆਲਾ ਪ੍ਰਸ਼ਾਸ਼ਨ ਦੀ ਹੋਵੇਗੀ।
ਇਸ ਮੌਕੇ ਗੁਰਮੀਤ ਸਿੰਘ, ਪਰਮਵੇਜ਼ ਸਿੰਘ, ਸੁਰਿੰਦਰ ਸਿੰਘ, ਲੱਕੀ, ਸੁਰਜੀਤ ਸਿੰਘ, ਸੀਮਾ ਰਾਣੀ, ਕੁਲਵੰਤ ਕੌਰ, ਗੁਰਪ੍ਰੀਤ ਕੌਰ, ਰਾਜ ਕੁਮਾਰ, ਗੁਰਲਾਲ ਸਿੰਘ, ਹਰਪਾਲ ਸਿੰਘ, ਗੁਰਪ੍ਰੀਤ ਸਿੰਘ, ਨਾਨਕ ਸਿੰਘ, ਜਗਤਾਰ ਸਿੰਘ, ਸੰਦੀਪ ਸਿੰਘ,ਹਰਜੀਤ ਸਿੰਘ, ਗੁਰਜੀਤ ਸਿੰਘ, ਮੋਨਿਕਾ ਅਤੇ ਯੂਨੀਅਨ ਦੇ ਹੋਰ ਆਗੂ ਵੀ ਮੌਜੂਦ ਸਨ।