ਮੈਡੀਕਲ ਪ੍ਰੈਕਟੀਸ਼ਨਰ ਐਸੋਸੀਏਸ਼ਨ ਵੱਲੋਂ ਸਿਹਤ ਮੰਤਰੀ ਦੇ ਘਿਰਾਓ ਕਰਨ ਦਾ ਕੀਤਾ ਐਲਾਨ: ਡਾ. ਰਮੇਸ਼ ਬਾਲੀ

ਮਹਿਲ ਕਲਾਂ 19 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ (ਰਜਿ: 295) ਦੀ ਇਕ ਸੂਬਾ ਪੱਧਰੀ ਮੀਟਿੰਗ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਦੀ ਪ੍ਰਧਾਨਗੀ ਹੇਠ ਰੌਇਲ ਪਾਰਟੀ ਹਾਲ, ਮਹਿਲ ਕਲਾਂ ਵਿਖੇ ਹੋਈ।
ਜਿਸ ਵਿੱਚ ਪ੍ਰਧਾਨ ਡਾ. ਰਮੇਸ਼ ਕੁਮਾਰ ਬਾਲੀ ਨਵਾਂਸ਼ਹਿਰ, ਜਰਨਲ ਸਕੱਤਰ ਡਾ. ਜਸਵਿੰਦਰ ਸਿੰਘ ਕਾਲਖ ਲੁਧਿਆਣਾ, ਸੀਨੀਅਰ ਮੀਤ ਪ੍ਰਧਾਨ ਡਾ. ਮਿੱਠੂ ਮੁਹੰਮਦ ਬਰਨਾਲਾ, ਸਰਪ੍ਰਸਤ ਡਾ. ਮਹਿੰਦਰ ਸਿੰਘ ਗਿੱਲ ਮੋਗਾ, ਮੀਤ ਪ੍ਰਧਾਨ ਡਾ. ਧਰਮਪਾਲ ਸਿੰਘ ਭਵਾਨੀਗਡ਼੍ਹ, ਡਾ. ਗੁਰਮੀਤ ਸਿੰਘ ਰੋਪੜ, ਡਾ. ਮਹਿੰਦਰ ਸਿੰਘ ਅਜਨਾਲਾ, ਡਾ. ਸੁਰਜੀਤ ਸਿੰਘ ਬਠਿੰਡਾ, ਆਰਗੇਨਾਈਜ਼ਰ ਸਕੱਤਰ ਡਾ. ਦੀਦਾਰ ਸਿੰਘ ਮੁਕਤਸਰ, ਵਰਕਿੰਗ ਪ੍ਰਧਾਨ ਡਾ. ਸਤਨਾਮ ਸਿੰਘ ਦੇਉ ਅੰਮ੍ਰਿਤਸਰ, ਚੇਅਰਮੈਨ ਡਾ. ਠਾਕੁਰਜੀਤ ਸਿੰਘ ਮੁਹਾਲੀ, ਸਹਾਇਕ ਸਕੱਤਰ ਡਾ. ਰਿੰਕੂ ਕੁਮਾਰ ਫਤਹਿਗਡ਼੍ਹ ਸਾਹਿਬ, ਪ੍ਰੈੱਸ ਸਕੱਤਰ ਡਾ. ਰਾਜੇਸ਼ ਸ਼ਰਮਾ ਲੁਧਿਆਣਾ, ਸਹਾਇਕ ਵਿੱਤ ਸਕੱਤਰ ਡਾ. ਕਰਨੈਲ ਸਿੰਘ ਬਠਿੰਡਾ ਆਦਿ ਹਾਜ਼ਰ ਹੋਏ ।
ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਸੂਬਾ ਪ੍ਰਧਾਨ ਡਾ. ਰਮੇਸ਼ ਬਾਲੀ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਪਿੰਡਾਂ ਵਿੱਚ ਵਸਦੇ ਮੈਡੀਕਲ ਪ੍ਰੈਕਟੀਸ਼ਨਰਾਂ ਦੇ ਮਸਲੇ ਨੂੰ ਹੱਲ ਕਰਨ ਵਿੱਚ ਬੁਰੀ ਤਰ੍ਹਾਂ ਫੇਲ੍ਹ ਹੋਈ ਹੈ। ਕਾਂਗਰਸ ਸਰਕਾਰ ਨੇ ਜੋ 2017 ਦੀਆਂ ਚੋਣਾਂ ਵਿੱਚ 16 ਨੰਬਰ ਪਦ ਤੇ ਸਾਡੇ ਨਾਲ ਲਿਖਤੀ ਵਾਅਦਾ ਕੀਤਾ ਸੀ, ਉਹ ਪੂਰਾ ਨਹੀਂ ਕਰ ਸਕੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਐੱਮ.ਐੱਲ.ਏ. ਅਤੇ ਐਮ.ਪੀਜ਼. ਦੁਆਰਾ ਸਰਕਾਰ ਤੱਕ ਮੰਗ ਪੱਤਰ ਵੀ ਪਹੁੰਚਾਏ ਗਏ ਹਨ।
ਡਾ. ਬਾਲੀ ਨੇ ਕਿਹਾ ਕਿ ਜੇਕਰ ਬਿਹਾਰ, ਮੱਧ ਪ੍ਰਦੇਸ਼ ਅਤੇ ਕਰਨਾਟਕ ਦੀਆਂ ਸਰਕਾਰਾਂ ਪਿੰਡਾਂ ਵਿੱਚ ਵੱਸਦੇ ਆਰ.ਐੱਮ.ਪੀ. ਨੂੰ ਮੁੱਢਲੇ ਸਿਹਤ ਕਾਮੇ ਘੋਸ਼ਿਤ ਕਰਕੇ ਪ੍ਰੈਕਟਿਸ ਕਰਨ ਦਾ ਅਧਿਕਾਰ ਦੇ ਸਕਦੀਆਂ ਹਨ, ਤਾਂ ਪੰਜਾਬ ਸਰਕਾਰ ਕਿਉਂ ਨਹੀਂ ?
ਡਾ. ਬਾਲੀ ਨੇ ਕਿਹਾ ਕਿ ਅਕਾਲੀ ਸਰਕਾਰ ਦੀ ਤਰ੍ਹਾਂ ਹੀ ਕਾਂਗਰਸ ਸਰਕਾਰ ਨੇ ਵੀ ਇਸ ਮਸਲੇ ਨੂੰ ਊਠ ਦੇ ਬੁੱਲ੍ਹ ਵਾਂਗ ਲਮਕਾ ਕੇ ਰੱਖਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੈਡੀਕਲ ਪ੍ਰੈਕਟੀਸ਼ਨਰਜ਼ ਰੋਸ ਵਜੋਂ ਸਿਹਤ ਮੰਤਰੀ ਪੰਜਾਬ ਬਲਬੀਰ ਸਿੰਘ ਸਿੱਧੂ ਦਾ ਪੰਜਾਬ ਦੇ ਸਾਰੇ ਜ਼ਿਲ੍ਹਿਆਂ ‘ਚ ਆਉਣ ਤੇ ਜ਼ਬਰਦਸਤ ਘਿਰਾਓ ਕਰਨਗੇ ।