ਸੰਯੁਕਤ ਮੋਰਚੇ ਦਾ ਅੰਦੋਲਨ ਸਿਖਰਾਂ ਤੇ ਪੁੱਜਿਆ, ਕੇਂਦਰ ਸਰਕਾਰ ਅੰਦੋਲਨ ਨੂੰ ਫੇਲ੍ਹ ਕਰਨ ਲਈ ਹਰ ਹੱਥਕੰਡਾ ਵਰਤ ਰਹੀ: ਡੱਲੇਵਾਲ

ਯੂ.ਪੀ. ਦੀਆ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਹਰਾਉਣ ਲਈ 5 ਸਤੰਬਰ ਨੂੰ ਯੂ.ਪੀ. ‘ਚ ਮਹਾਂ ਰੈਲੀ: ਡੱਲੇਵਾਲ
ਬਰਨਾਲਾ 23 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸੰਯੁਕਤ ਮੋਰਚੇ ਵੱਲੋਂ ਕੇਂਦਰ ਸਰਕਾਰ ਤੇ ਲਿਆਂਦੇ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਨੂੰ ਲੈ ਕੇ ਪਿਛਲੇ 9 ਮਹੀਨੇ ਦੇ ਸਮੇਂ ਤੋਂ ਦਿੱਲੀ ਦੇ ਬਾਰਡਰਾਂ ਉੱਪਰ ਲਡ਼ਿਆ ਜਾ ਰਿਹਾ ਕਿਸਾਨ ਅੰਦੋਲਨ ਪੂਰੀ ਤਰ੍ਹਾਂ ਸਿਖਰਾਂ ਤੇ ਪੁੱਜ ਚੁੱਕਾ ਹੈ। ਕਿਉਂਕਿ ਕਿਸਾਨ ਅੰਦੋਲਨ ਤੋਂ ਕੇਂਦਰ ਦੀ ਘਬਰਾਈ ਸਰਕਾਰ ਅੰਦੋਲਨ ਨੂੰ ਹਰ ਤਰ੍ਹਾਂ ਦਾ ਹੱਥਕੰਡਾ ਵਰਤ ਕੇ ਫੇਲ੍ਹ ਕਰਨ ਤੇ ਤੁਲੀ ਹੋਈ ਹੈ। ਇਹ ਵਿਚਾਰ ਸਯੁੰਕਤ ਕਿਸਾਨ ਮੋਰਚੇ ਦੇ ਸੀਨੀਅਰ ਆਗੂ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਸੂਬਾ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਨੇ ਬਰਨਾਲਾ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸਾਂਝੇ ਕੀਤੇ।
ਸ. ਡੱਲੇਵਾਲ ਨੇ ਦੱਸਿਆ ਕਿ ਸਯੁੰਕਤ ਕਿਸਾਨ ਮੋਰਚੇ ਵਲੋਂ 2022 ਵਿਚ ਯੂ.ਪੀ. ਦੀਆ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੂੰ ਸਬਕ ਸਿਖਾਉਣ ਲਈ ਮੋਰਚੇ ਵੱਲੋਂ 5 ਸਤੰਬਰ ਨੂੰ ਯੂ.ਪੀ. ‘ਚ ਮਹਾਂ ਰੈਲੀ ਕੀਤੀ ਜਾਵੇਗੀ। ਉਨ੍ਹਾਂ ਨੇ ਦੱਸਿਆ ਕਿ ਇਸ ਰੈਲੀ ਤੋਂ ਬਾਅਦ ਯੂ.ਪੀ. ਦੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੇਂਦਰ ਦੀ ਮੋਦੀ ਸਰਕਾਰ ਖਿਲਾਫ ਘਰ-ਘਰ ਜਾ ਕੇ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਕਿਸਾਨ ਵਿਰੋਧੀ ਖੇਤੀ ਕਾਨੂੰਨਾਂ ਨੂੰ ਅਸੀਂ ਰੱਦ ਨਾ ਕਰਾ ਸਕੇ ਤਾਂ ਪੂਰਾ ਦੇਸ਼ ਅਤੇ ਸਾਰੇ ਹੀ ਵਰਗ ਇਸ ਤੋਂ ਬੁਰੀ ਤਰਾਂ ਪ੍ਰਭਾਵਿਤ ਹੋਣਗੇ।
ਸ. ਡੱਲੇਵਾਲ ਨੇ ਕਿਹਾ ਕਿ ਇਨਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਦੇਸ਼ ਦੇ ਸਾਰੇ ਹੀ ਵਰਗਾਂ ਦੀ ਇਕ ਰਾਏ ਹੈ ਅਤੇ ਕੋਈ ਵੀ ਵਰਗ ਇਨਾਂ ਕਾਨੂੰਨਾਂ ਨੂੰ ਨਹੀਂ ਚਾਹੁੰਦਾ, ਫਿਰ ਵੀ ਮੋਦੀ ਸਰਕਾਰ ਕਾਨੂੰਨ ਲਾਗੂ ਕਰਨ ਲਈ ਬਜ਼ਿੱਦ ਹੈ। ਉਨ੍ਹਾਂ ਕਿਹਾ ਕਿ ਹਰ ਵਰਗ ਦੇ ਲੋਕ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਡੱਟ ਕੇ ਕਿਸਾਨਾਂ ਨਾਲ ਪਹਿਲੇ ਖੜ੍ਹੇ ਹਨ ਅਤੇ ਵੱਖ-ਵੱਖ ਹੋਰ ਜਥੇਬੰਦੀਆਂ ਵੀ ਅੱਗੇ ਆ ਕੇ ਖੇਤੀ ਕਾਨੂੰਨਾਂ ਦਾ ਵਿਰੋਧ ਕਰਦੇ ਹੋਏ, ਕਿਸਾਨ ਅੰਦੋਲਨ ਨੂੰ ਆਪਣਾ ਸਮਰਥਨ ਦਿੱਤਾ ਹੈ।
ਸ. ਡੱਲੇਵਾਲ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਲੇ ਕਾਨੂੰਨ ਰੱਦ ਕਰਵਾਉਣ ਤੇ ਐੱਮ.ਐੱਸ.ਪੀ. ਦਾ ਨਵਾਂ ਕਾਨੂੰਨ ਬਣਾਉਣ ਲਈ ਲਗਾਤਾਰ 26 ਨਵੰਬਰ ਤੋਂ ਦੇਸ਼ ਭਰ ਦੇ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਬੈਠ ਕੇ ਅੰਦੋਲਨ ਕਰ ਰਹੇ ਹਨ ਤੇ ਉਹ 9 ਮਹੀਨੇ ਬੀਤਣ ਤੇ ਵੀ ਕੇਂਦਰ ਸਰਕਾਰ ਕਿਸਾਨਾਂ ਪ੍ਰਤੀ ਗੰਭੀਰ ਨਹੀਂ ਹੈ। ਉਨ੍ਹਾਂ ਪੰਜਾਬ ਦੀ ਕੈਪਟਨ ਸਰਕਾਰ ਤੇ ਵਰ੍ਹਦਿਆਂ ਕਿਹਾ ਕਿ ਕੈਪਟਨ ਸਿੱਧੇ ਤੌਰ ਤੇ ਮੋਦੀ ਨਾ ਮਿਲਿਆ ਹੋਇਆ ਹੈ ਤੇ ਕੇਂਦਰ ਦੀ ਬੋਲੀ ਬੋਲ ਰਿਹਾ ਹੈ। ਗੁਆਂਢੀ ਦੇਸ਼ਾਂ ਤੋਂ ਦੇਸ਼ ਨੂੰ ਖਤਰੇ ਦੀ ਦੁਹਾਈ ਪਾ ਕੇ ਮੋਦੀ ਨੂੰ ਕਾਨੂੰਨ ਵਾਪਸ ਲੈਣ ਦੀ ਗੱਲ ਕਰਨ ਵਾਲੇ ਕੈਪਟਨ ਇੱਕ ਵਾਰ ਵੀ ਨਹੀਂ ਕਿਹਾ ਕਿ ਇਹ ਤਿੰਨੇ ਕਾਨੂੰਨ ਜਿੱਥੇ ਕਿਸਾਨ ਦੀ ਮੌਤ ਦੇ ਵਾਰੰਟ ਹਨ ਉੱਥੇ ਹੀ ਇਹ ਦੇਸ਼ ਦੀ ਆਮ ਜਨਤਾ ਲਈ ਵੀ ਖ਼ਤਰੇ ਦੀ ਘੰਟੀ ਹਨ।
ਇਸ ਮੌਕੇ ਜਥੇਬੰਦੀ ਦੇ ਜ਼ਿਲ੍ਹਾ ਬਰਨਾਲਾ ਦੇ ਕਾਰਜਕਾਰੀ ਪ੍ਰਧਾਨ ਬਲੋਰ ਸਿੰਘ ਢਿੱਲਵਾਂ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ ਕਲਾਲਮਾਜਰਾ, ਕਰਨੈਲ ਸਿੰਘ ਗਾਧੀ ਸਹਿਜੜਾ, ਜਿਲਾ ਜਰਨਲ ਸਕੱਤਰ ਨਛੱਤਰ ਸਿੰਘ ਸਹੋਰ, ਬਲਾਕ ਮਹਿਲ ਕਲਾਂ ਦੇ ਪ੍ਰਧਾਨ ਜਗਪਾਲ ਸਿੰਘ ਧਾਲੀਵਾਲ ਸਹਿਜੜਾ, ਗੋਰਾ ਸਿੰਘ ਢਿੱਲਵਾਂ, ਯਾਦਵਿੰਦਰ ਸਿੰਘ ਚੁਹਾਣਕੇ ਖੁਰਦ, ਕੁਲਦੀਪ ਸਿੰਘ ਕੀਪਾ ਬਾਜਵਾ ਸਹਿਜੜਾ, ਜੋਰਾ ਸਿੰਘ ਬਾਜਵਾ, ਲੱਖਾ ਸਿੰਘ ਖਿਆਲੀ, ਮਨਜੀਤ ਸਿੰਘ, ਬਲਵਿੰਦਰ ਸਿੰਘ ਬਿੰਦੂ ਬਾਜਵਾ, ਮੁਖਤਿਆਰ ਸਿੰਘ ਧਾਲੀਵਾਲ, ਗੁਲਜਾਰ ਸਿੰਘ, ਨੇਕਦਰਸਨ ਸਿੰਘ ਧਾਲੀਵਾਲ, ਕੁਲਦੀਪ ਸਿੰਘ ਚੁਹਾਨਕੇ ਖੁਰਦ ਆਦਿ ਵੀ ਹਾਜ਼ਰ ਸਨ।