ਗੁਰਦਾਸ ਮਾਨ ਨੇ ਸੋਸ਼ਲ ਮੀਡੀਆ ਜ਼ਰੀਏ ਦਿੱਤੀ ਸਫ਼ਾਈ, ਵਿਵਾਦਤ ਬਿਆਨ ਲਈ ਮੰਗੀ ਮੁਆਫੀ- ਦੇਖੋ ਵੀਡੀੳ

ਚੰਡੀਗੜ੍ਹ, 24 ਅਗਸਤ 2021 – ਜਲੰਧਰ ਲਾਗੇ ਨਕੋਦਰ ਵਿਖੇ ਡੇਰੇ ‘ਚ ਪ੍ਰੋਗਰਾਮ ਦੌਰਾਨ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਡੇਰੇ ਨਾਲ ਸਬੰਧਿਤ ਸਾਈਂ ਨੂੰ ਤੀਸਰੇ ਗੁਰੂ ਅਮਰਦਾਸ ਜੀ ਦੀ ਕੁੱਲ ਦਾ ਅੰਸ਼ ਦੱਸ ਕੇ ਨਵਾਂ ਵਿਵਾਦ ਸਹੇੜਿਆ ਸੀ। ਆਪਣੇ ਇਸ ਤਾਜ਼ਾ ਬਿਆਨ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਗੁਰਦਾਸ ਮਾਨ ਦਾ ਸਿੱਖ ਜਥੇਬੰਦੀਆਂ ਵੱਲੋਂ ਭਾਰੀ ਵਿਰੋਧ ਕੀਤਾ ਜਾ ਰਿਹਾ ਹੈ। ਇਸ ਦੌਰਾਨ ਗੁਰਦਾਸ ਮਾਨ ਨੇ ਹੁਣ ਸੋਸ਼ਲ ਮੀਡੀਆ ਜ਼ਰੀਏ ਅਪਣੇ ਬਿਆਨ ’ਤੇ ਸਫਾਈ ਦਿੱਤੀ ਹੈ ਅਤੇ ਕਿਹਾ ਹੈ ਕਿ, ਉਹਨਾਂ ਦਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ।
ਆਪਣੇ ਫੇਸਬੁੱਕ ਅਕਾਊਂਟ ’ਤੇ ਸ਼ੇਅਰ ਕੀਤੀ ਗਈ ਇਕ ਵੀਡੀਓ ‘ਚ ਗੁਰਦਾਸ ਮਾਨ ਨੇ ਕਿਹਾ ਕਿ, ‘ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ, ਜੇਕਰ ਫਿਰ ਵੀ ਅਜਿਹਾ ਹੋਇਆ ਤਾਂ ਮੈਂ ਮੁਆਫੀ ਮੰਗਦਾ ਹਾਂ। ਗੁਰੂ ਸਾਹਿਬਾਨਾਂ ਨਾਲ ਕਿਸੇ ਦੀ ਵੀ ਤੁਲਨਾ ਨਹੀਂ ਹੋ ਸਕਦੀ। ਮੈਂ ਇਹ ਜ਼ਰੂਰ ਕਿਹਾ ਸੀ ਕਿ ਤੀਜੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿਚੋਂ ਸਨ ਤੇ ਮੁਰਾਦ ਸ਼ਾਹ ਵੀ ਨਕੋਦਰ ਵਿਖੇ ਭੱਲਾ ਪਰਿਵਾਰ ਵਿਚ ਪੈਦਾ ਹੋਏ ਸਨ। ਮੈਂ ਗੁਰੂ ਸਾਹਿਬਾਨ ਦੇ ਅਪਮਾਨ ਬਾਰੇ ਸੋਚ ਵੀ ਨਹੀਂ ਸਕਦਾ’।
ਗੁਰਦਾਸ ਮਾਨ ਦੁਆਰਾ ਨਕੋਦਰ ਵਾਲੇ ਸਾਈਂ ਨੂੰ ਗੁਰੂ ਸਾਹਿਬ ਦੇ ਅੰਸ਼-ਵੰਸ਼ ਵਿਚੋਂ ਹੋਣ ਦੇ ਕੀਤੇ ਗਏ ਦਾਅਵੇ ‘ਤੇ ਵੱਖ-ਵੱਖ ਧਾਰਮਿਕ ਜਥੇਬੰਦੀਆਂ ਨੇ ਸਖ਼ਤ ਇਤਰਾਜ਼ ਪ੍ਰਗਟਾਇਆ ਸੀ, ਜਿਸ ਤੋਂ ਬਾਅਦ ਗੁਰਦਾਸ ਮਾਨ ਨੇ ਹੁਣ ਫੇਸਬੁੱਕ ਰਾਹੀਂ ਸਫ਼ਾਈ ਪੇਸ਼ ਕੀਤੀ ਹੈ। ਗੁਰਦਾਸ ਮਾਨ ਦਾ ਕਹਿਣਾ ਹੈ ਕਿ ਜੇ ਕਿਸੇ ਦੇ ਮਨ ਨੂੰ ਠੇਸ ਪਹੁੰਚੀ ਹੈ ਤਾਂ ਮੈਂ ਮੁਆਫ਼ੀ ਮੰਗਦਾ ਹਾਂ।