ਪੰਜਾਬਰਾਜਨੀਤੀ

ਕਾਂਗਰਸ ਕਲੇਸ਼: ‘ਕਿਸੇ ਦੀ ਨਰਾਜ਼ਗੀ ਕਾਂਗਰਸ ਦੇ ਰਾਹ ’ਚ ਨਹੀਂ ਆਉਣੀ ਚਾਹੀਦੀ’: ਹਰੀਸ਼ ਰਾਵਤ

ਦੇਹਰਾਦੂਨ 25 ਅਗਸਤ (ਬਿਊਰੋ) ਪੰਜਾਬ ਕਾਂਗਰਸ ਵਿਚ ਸ਼ੁਰੂ ਹੋਈ ਬਗਾਵਤ ਤੋਂ ਬਾਅਦ ਅੱਜ ਪੰਜਾਬ ਕਾਂਗਰਸ ਦੇ ਵਿਧਾਇਕਾਂ ਅਤੇ ਮੰਤਰੀਆਂ ਨੇ ਪੰਜਾਬ ਮਾਮਲਿਆਂ ਦੇ ਇੰਚਾਰਜ ਹਰੀਸ਼ ਰਾਵਤ ਨਾਲ ਮੁਲਾਕਾਤ ਕੀਤੀ। ਅੱਜ ਮਿਲਣ ਵਾਲੇ ਚਾਰ ਮੰਤਰੀਆਂ ਵਿੱਚ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਬਿੰਦਰ ਸਿੰਘ ਸਰਕਾਰੀਆ, ਸੁਖਜਿੰਦਰ ਸਿੰਘ ਰੰਧਾਵਾ ਅਤੇ ਚਰਨਜੀਤ ਸਿੰਘ ਚੰਨੀ ਸ਼ਾਮਲ ਸਨ।

ਹਰੀਸ਼ ਰਾਵਤ ਨੇ ਕਿਹਾ ਕਿ “ਉਨ੍ਹਾਂ ਨੂੰ ਰਾਜ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਕੰਮਕਾਜ ਬਾਰੇ ਕੁਝ ਸ਼ਿਕਾਇਤਾਂ ਵੀ ਸਨ। ਜੇ ਕੋਈ ਕਾਂਗਰਸੀ ਵਿਧਾਇਕ ਆਪਣੇ ਆਪ ਨੂੰ ਅਸੁਰੱਖਿਅਤ ਸਮਝਦਾ ਹੈ ਅਤੇ ਸੋਚਦਾ ਹੈ ਕਿ ਪ੍ਰਸ਼ਾਸਨ ਉਨ੍ਹਾਂ ਨੂੰ ਹਰਾਉਣ ਜਾਂ ਉਨ੍ਹਾਂ ਦੇ ਵਿਰੁੱਧ ਕੰਮ ਕਰਨ ਦੀ ਕੋਸ਼ਿਸ਼ ਕਰ ਸਕਦਾ ਹੈ, ਤਾਂ ਇਹ ਚਿੰਤਾ ਦਾ ਵਿਸ਼ਾ ਹੈ।

ਰਾਵਤ ਨੇ ਕਿਹਾ ਕਿ ਜੇਕਰ ਕਿਸੇ ਨੂੰ ਕਿਸੇ ਨਾਲ ਨਰਾਜ਼ਗੀ ਹੈ ਤਾਂ ਇਹ ਨਰਾਜ਼ਗੀ ਕਾਂਗਰਸ ਪਾਰਟੀ ਦੇ ਰਸਤੇ ਵਿਚ ਨਹੀਂ ਆਉਣੀ ਚਾਹੀਦੀ। ਕਾਂਗਰਸ ਲਈ ਜ਼ਰੂਰੀ ਹੈ ਕਿ ਸਾਰੇ ਮਿਲ ਕੇ ਚੋਣਾਂ ਲੜਨ, ਇਸ ਦੇ ਲਈ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਮੰਤਰੀਆਂ ਅਤੇ ਵਿਧਾਇਕਾਂ ਨੇ ਉਨ੍ਹਾਂ ਨੂੰ ਭਰੋਸਾ ਦਿੱਤਾ ਹੈ ਕਿ ਉਹ ਪਾਰਟੀ ਦੀ ਏਕਤਾ ਬਣਾ ਕੇ ਰੱਖਣਗੇ।

ਹਰੀਸ਼ ਰਾਵਤ ਨੇ ਕਿਹਾ ਕਿ ਉਹਨਾਂ ਨੂੰ “ਚਾਰ ਮੰਤਰੀ ਅਤੇ ਤਿੰਨ ਵਿਧਾਇਕ ਮਿਲਣ ਲਈ ਆਏ। ਜਿਸ ‘ਚ ਉਨ੍ਹਾਂ ਨੇ ਆਪਣੀ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਉਹ ਰਾਜ ਵਿੱਚ ਪਾਰਟੀ ਦੀ ਜਿੱਤ ਦੀਆਂ ਸੰਭਾਵਨਾਵਾਂ ਬਾਰੇ ਚਿੰਤਤ ਹਨ। ਉਨ੍ਹਾਂ ਨੇ ਕਿਹਾ ਕਿ ਉਹ ਕਿਸੇ ਦੇ ਵਿਰੁੱਧ ਨਹੀਂ ਹਨ, ਉਹ ਇੱਕ ਸਪੱਸ਼ਟ ਰੋਡਮੈਪ ਨਾਲ ਚੋਣਾਂ ਵਿੱਚ ਜਾਣਾ ਚਾਹੁੰਦੇ ਹਨ ਤਾਂ ਜੋ ਸਾਡੀ ਜਿੱਤ ਹੋਵੇ”

ਦੱਸ ਦਈਏ ਕਿ ਇਸ ਤੋਂ ਪਹਿਲਾਂ ਹਰੀਸ਼ ਰਾਵਤ ਨੇ ਕਿਹਾ ਸੀ ਕਿ ਅਸੀਂ 2022 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਿਚ ਹੀ ਲੜਾਂਗੇ।

Show More

Related Articles

Leave a Reply

Your email address will not be published.

Back to top button