“ਖੇਲੋ ਇੰਡੀਆ ਯੂਥ ਗੇਮਜ਼” ਲਈ ਪੰਜਾਬ ਦੀਆਂ ਵੱਖ-ਵੱਖ ਟੀਮਾਂ ਦੀ ਚੋਣ ਟਰਾਇਲ 30 ਅਕਤੂਬਰ ਨੂੰ
Selection trial of various teams of Punjab for "Khelo India Youth Games" on 30th October

ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ ਟਰਾਇਲ
ਚੰਡੀਗੜ੍ਹ 27 ਅਕਤੂਬਰ: ਖੇਲੋ ਇੰਡੀਆ ਯੂਥ ਗੇਮਜ਼ ਲਈ ਸੂਬੇ ਦੀਆਂ ਟੀਮਾਂ ਦੀ ਚੋਣ ਲਈ ਖੇਡ ਵਿਭਾਗ ਪੰਜਾਬ ਵੱਲੋਂ ਵੱਖ-ਵੱਖ ਖੇਡਾਂ ਦੀਆਂ ਟੀਮਾਂ ਦੀ ਚੋਣ ਲਈ ਟਰਾਇਲ 30 ਅਕਤੂਬਰ 2021 ਨੂੰ ਸਵੇਰੇ 11 ਵਜੇ ਲਏ ਜਾਣਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਖੇਡ ਮੰਤਰੀ ਪਰਗਟ ਸਿੰਘ ਨੇ ਦੱਸਿਆ ਕਿ ਖੇਲੋ ਇੰਡੀਆ ਯੂਥ ਗੇਮਜ਼ ਅੰਡਰ 18 (ਲੜਕੇ ਤੇ ਲੜਕੀਆਂ) ਹਰਿਆਣਾ ਵਿਖੇ ਅਗਲੇ ਸਾਲ 5 ਫਰਵਰੀ ਤੋਂ 14 ਫਰਵਰੀ ਤੱਕ ਕਰਵਾਈਆਂ ਜਾ ਰਹੀਆਂ ਹਨ।
ਇਨ੍ਹਾਂ ਖੇਡਾਂ ਲਈ ਕਬੱਡੀ (ਲੜਕੇ ਤੇ ਲੜਕੀਆਂ), ਫੁੱਟਬਾਲ (ਲੜਕੇ) ਅਤੇ ਬਾਸਕਟਬਾਲ (ਲੜਕੇ ਤੇ ਲੜਕੀਆਂ) ਦੀਆਂ ਟੀਮਾਂ ਦੀ ਚੋਣ ਲਈ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਇਸੇ ਤਰ੍ਹਾਂ ਹਾਕੀ (ਲੜਕੇ ਤੇ ਲੜਕੀਆਂ) ਦੇ ਟਰਾਇਲ ਜਲੰਧਰ ਵਿਖੇ ਹੋਣਗੇ। ਖੋ-ਖੋ (ਲੜਕੀਆਂ) ਦੇ ਟਰਾਇਲ ਪੋਲੋ ਗਰਾਊਂਡ ਪਟਿਆਲਾ ਅਤੇ ਹੈਂਡਬਾਲ (ਲੜਕੇ) ਦੇ ਟਰਾਇਲ ਪੀ.ਏ.ਯੂ. ਲੁਧਿਆਣਾ ਵਿਖੇ ਹੋਣਗੇ।
ਸਾਰੇ ਟਰਾਇਲ 30 ਅਕਤੂਬਰ ਨੂੰ ਸਵੇਰੇ 11 ਵਜੇ ਹੋਣਗੇ। ਖੇਡ ਮੰਤਰੀ ਨੇ ਅੱਗੇ ਦੱਸਿਆ ਕਿ ਇਨ੍ਹਾਂ ਟਰਾਇਲਾਂ ਵਿੱਚ ਹਿੱਸਾ ਲੈਣ ਵਾਲੇ ਖਿਡਾਰੀ ਜਾਂ ਖਿਡਾਰਨ ਦੀ ਜਨਮ ਮਿਤੀ 01-01-2003 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਉਤੇ ਪਹੁੰਚ ਕੇ ਚੋਣ ਟਰਾਇਲਾਂ ਦਾ ਹਿੱਸਾ ਬਣ ਸਕਦੇ ਹਨ।