
ਮੁਹਾਲੀ, 31 ਅਕਤੂਬਰ: ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸਟੇਜ ’ਤੇ ਵਿਦਿਆਰਥੀਆਂ ਨਾਲ ਭੰਗੜਾ ਪਾਉਣ ਤੋਂ ਬਾਅਦ ਹੁਣ ਨਵੀਂ ਭੂਮਿਕਾ ਅਪਣਾਈ ਹੈ। ਉਹਨਾਂ ਮੁਹਾਲੀ ਦੇ ਹਾਕੀ ਸਟੇਡੀਅਮ ਵਿਚ ਹਾਕੀ ਦੇ ਗੋਲਕੀਪਰ ਬਣ ਕੇ 45 ਮਿੰਟ ਤੱਕ ਖੇਡ ਦਾ ਮੁਜ਼ਾਹਰਾ ਕੀਤਾ। ਦੱਸਣਯੋਗ ਹੈ ਕਿ ਮੁੱਖ ਮੰਤਰੀ ਚੰਨੀ ਕਾਲਜ਼ ਸਮੇਂ ਤੋਂ ਹੀ ਖੇਡਾਂ ਨਾਲ ਜੁੜੇ ਰਹੇ ਹਨ ਅਤੇ ਕਈ ਤਮਗੇ ਵੀ ਆਪਣੇ ਨਾਮ ਕੀਤੇ ਹਨ।
ਅੱਜ ਮੋਹਾਲੀ ਦੇ ਫੇਜ਼ 9 ਵਿਚਲੇ ਇੰਟਰਨੈਸ਼ਨਲ ਹਾਕੀ ਸਟੇਡੀਅਮ ਵਿਖੇ ਸ. ਚੰਨੀ ਸਵੇਰੇ ਗੋਲਕੀਪਰ ਦੀ ਕਿੱਟ ਪਾ ਕੇ ਪਹੁੰਚੇ ਤੇ ਲੱਗਭਗ ਇੱਕ ਘੰਟੇ ਤੱਕ ਅੰਡਰ-17 ਕੁੜੀਆਂ ਦੀ ਟੀਮ ਨਾਲ ਅਭਿਆਸ ਕੀਤਾ। ਇਸ ਤੋਂ ਬਾਅਦ ਕੁੜੀਆਂ ਵਲੋਂ ਲਗਾਏ ਗਏ ਪੈਨੇਲਟੀ ਸਟੋਕ ਦਾ ਸ. ਚੰਨੀ ਨੇ ਬਾਖੂਬੀ ਬਚਾਓ ਕੀਤਾ। ਇਸ ਮੌਕੇ ਭਾਰਤੀ ਹਾਕੀ ਟੀਮ ਦੇ ਸਾਬਕਾ ਗੋਲਕੀਪਰ ਬਲਜੀਤ ਸਿੰਘ ਡਡਵਾਲ ਅਤੇ ਪ੍ਰਭਵਜੋਤ ਸਿੰਘ ਵੀ ਮੌਜੂਦ ਸਨ।
ਦੱਸਣਯੋਗ ਹੈ ਕਿ ਅੱਜ 31 ਅਕਤੂਬਰ ਐਤਵਾਰ ਨੂੰ ਜਲੰਧਰ ਵਿਚ ਸੁਰਜੀਤ ਹਾਕੀ ਟੂਰਨਾਮੈਂਟ ਦੇ ਆਖਰੀ ਦਿਨ ਸ. ਚੰਨੀ, ਪੰਜਾਬ ਦੇ ਖੇਡ ਮੰਤਰੀ ਪ੍ਰਗਟ ਸਿੰਘ ਦੇ ਨਾਲ ਪ੍ਰਦਰਸ਼ਨੀ ਮੈਚ ਖੇਡਦੇ ਨਜ਼ਰ ਆਉਣਗੇ। ਹਾਲਾਂਕਿ ਇਸਦੀ ਅਧਿਕਾਰ ਤੌਰ ’ਤੇ ਪੁਸ਼ਟੀ ਨਹੀਂ ਹੋ ਸਕੀ।
ਮੁੱਖ ਮੰਤਰੀ ਸ. ਚੰਨੀ ਨੇ ਮੋਹਾਲੀ ‘ਚ ਕੀਤੀ ਆਪਣੀ ਪ੍ਰੈਕਟਿਸ ਬਾਰੇ ਸੋਸ਼ਲ ਮੀਡੀਆ ’ਤੇ ਪੋਸਟ ਵੀ ਸਾਂਝੀ ਕੀਤੀ ਹੈ।