ਅਲਹੋਰਾ ਖ਼ੁਰਦ ‘ਚ ਪਿੱਛਲੇ 6 ਦਿਨਾਂ ਤੋਂ ਨਹੀਂ ਮਿਲ ਰਿਹਾ ਪੀਣ ਵਾਲਾ ਪਾਣੀ: ਦੇਵ ਮਾਨ

ਨਾਭਾ 13 ਅਗਸਤ (ਵਰਿੰਦਰ ਵਰਮਾ) ਪੂਰਾ ਦੇਸ਼ 15 ਅਗਸਤ ਨੂੰ 75ਵਾਂ ਆਜ਼ਾਦੀ ਦਿਵਸ ਮਨਾ ਰਿਹਾ ਹੈ। ਪਰ ਪੰਜਾਬ ਦਾ ਗਰੀਬ ਬੇਰੋਜਗਾਰੀ, ਗਰੀਬੀ ਤੇ ਸਰਕਾਰ ਦੀਆ ਗਲਤ ਨੀਤੀਆ ਕਰਕੇ ਲਗਾਤਾਰ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜਬੂਰ ਹੈ। ਗਰੀਬ ਦੀ ਹਾਲਤ ਇਨੀ ਤਰਸਯੋਗ ਹੈ ਕਿ ਉਸ ਨੂੰ 75 ਸਾਲ ਆਜ਼ਾਦ ਹੋਏ, ਦੇਸ਼ ਵਿੱਚ ਹਾਲੇ ਵੀ ਮੁਢਲੀਆਂ ਸਹੂਲਤਾ ਲਈ ਤਰਸਨਾ ਪੈ ਰਿਹਾ ਹੈ।
ਬਲਾਕ ਨਾਭਾ ਦੇ ਪਿੰਡ ਅਲਹੋਰਾ ਖ਼ੁਰਦ ਵਿੱਚ ਗਰੀਬ ਲੋਕਾ ਦੇ ਘਰਾ ਵਿੱਚ ਪਿਛਲੇ 6 ਦਿਨਾ ਤੋ ਪੀਣ ਵਾਲਾ ਪਾਣੀ ਨਹੀ ਆ ਰਿਹਾ। ਪਾਣੀ ਦੀ ਟੈਂਕੀ ਤੇ ਲੱਗੀ ਮੋਟਰ ਸੜ ਚੁੱਕੀ ਹੈ, ਪਰ ਜਲ ਸਪਲਾਈ ਵਿਭਾਗ ਨੇ ਮੋਟਰ ਠੀਕ ਕਰਨ ਦੀ ਖੇਚਲ ਨਹੀ ਕੀਤੀ। ਪਿੰਡ ਦਾ ਸਰਪੰਚ ਮੋਟਰ ਠੀਕ ਕਰਵਾਉਣ ਲਈ 80 ਹਜ਼ਾਰ ਦਾ ਖ਼ਰਚਾ ਦੱਸ ਰਿਹਾ ਹੈ।
ਪਿੰਡ ਦੇ ਗਰੀਬ ਲੋਕਾਂ ਦੀ ਮੰਗ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਗੁਰਦੇਵ ਸਿੰਘ ‘ਦੇਵ ਮਾਨ’ ਹਲਕਾ ਇੰਚਾਰਜ ਵਿਧਾਨ ਸਭਾ ਨੇ ਪਿੰਡ ਪਹੁੰਚ ਕੇ ਗਰੀਬਾਂ ਦੀ ਗੱਲ ਸੁਣੀ ਤੇ ਸਬੰਧਤ ਵਿਭਾਗ ਨੂੰ ਤੁਰੰਤ ਪੀਣ ਵਾਲੇ ਪਾਣੀ ਦੀ ਸਮੱਸਿਆ ਹੱਲ ਕਰਨ ਲਈ ਕਿਹਾ। ਪਿੰਡ ਦੀਆ ਬਜ਼ੁਰਗ ਔਰਤਾਂ ਦਾ ਕਹਿਣਾ ਕਿ ਹਰੇਕ ਮਹੀਨੇ ਪਾਣੀ ਦਾ ਬਿੱਲ ਤਾਂ ਆਉਂਦਾ ਹੈ, ਪਰ ਪਾਣੀ ਨਹੀ ਆਉਂਦਾ।ਜਿਸ ਕਰਕੇ ਬਹੁਤ ਮੁਸ਼ਕਲ ਹਾਲਾਤ ਬਣੇ ਹੋਏ ਹਨ। ਲੋਕਾਂ ਨੇ ਦੱਸਿਆ ਕਿ ਘਰਾਂ ‘ਚ ਰੱਖੀਆਂ ਮੱਝਾਂ, ਗਾਵਾਂ, ਕੱਪੜੇ ਧੋਣ ਲਈ, ਨਹਾਉਣ ਲਈ, ਬਰਤਨ ਸਾਫ ਕਰਨ ਲਈ ਤੇ ਟੂਆਇਲਟ ਲਈ ਪਾਣੀ ਦੂਰ-ਦੂਰ ਤੋ ਲਿਆਉਣਾ ਪੈਦਾ ਹੈ।
ਇਸ ਮੌਕੇ ਦੇਵ ਮਾਨ ਨੇ ਖਾਲ਼ੀ ਬਾਲਟੀਆ ਤੇ ਪਤੀਲੇ ਖੜਕਾ ਕੇ ਗਰੀਬ ਲੋਕਾਂ ਨਾਲ ਸਰਕਾਰ ਖ਼ਿਲਾਫ ਨਾਹਰੇ ਬਾਜ਼ੀ ਕੀਤੀ ਅਤੇ ਪ੍ਰਸ਼ਾਸਨ ਤੋ ਮੰਗ ਕੀਤੀ ਕਿ ਪੀਣ ਵਾਲੇ ਪਾਣੀ ਦਾ ਤੁਰੰਤ ਹੱਲ ਕੀਤੀ ਜਾਵੇ। ਜੇਕਰ ਇਸਦਾ ਜਲਦ ਤੋਂ ਜਲਦ ਹੱਲ ਨਹੀਂ ਕੀਤਾ ਗਿਆ ਤਾਂ ਉਹਨਾਂ ਵਲੋਂ ਪਿੰਡ ਵਾਸੀਆ ਨੂੰ ਨਾਲ ਲੈ ਕੇ ਰੋਹਟੀ ਵਾਲੇ ਪੁੱਲਾਂ ਤੇ ਧਰਨਾ ਪ੍ਰਦਰਸਨ ਕੀਤਾ ਜਾਵੇਗਾ।
ਇਸ ਮੌਕੇ ਬਾਬਾ ਗੁਰਜਿੰਦਰ ਸਿੰਘ, ਦਲਬਾਰਾ ਸਿੰਘ, ਜਗਦੇਵ ਸਿੰਘ, ਗੁਰਦੇਵ ਸਿੰਘ, ਕਰਤਾਰ ਕੌਰ, ਕਰਨੈਲ ਕੌਰ, ਰਾਜ ਕੌਰ, ਨਿੰਦਰ ਕੌਰ ਅਤੇ ਰਾਣੀ ਤੋਂ ਇਲਾਵਾ ਪਿੰਡ ਵਾਸੀ ਹਾਜ਼ਰ ਸਨ।