ਪਿੰਡ ਵਜੀਦਕੇ ਕਲਾਂ, ਪਿੰਡ ਖਿਆਲੀ ਅਤੇ ਪਿੰਡ ਗਹਿਲ ਵਾਲੇ ਆਰ.ਓ.ਸਿਸਟਮ ਚਿੱਟੇ ਹਾਥੀ ਵਾਂਗ ਖਡ਼੍ਹੇ

ਲੋਕਾਂ ਨੂੰ ਸ਼ੁੱਧ ਪਾਣੀ ਨਾ ਮਿਲਣ ਤੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਸ਼ਿਕਾਰ
ਮਹਿਲ ਕਲਾਂ 14 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਪਿਛਲੀ ਅਕਾਲੀ ਸਰਕਾਰ ਵੱਲੋਂ ਲੋਕਾਂ ਦੀ ਸਹੂਲਤ ਲਈ ਬਹੁਤ ਸਾਰੇ ਪਿੰਡਾਂ ਵਿਚ ਲੋਕਾਂ ਨੂੰ ਸ਼ੁੱਧ ਪਾਣੀ ਦੇਣ ਲਈ ਆਰ.ਓ ਸਿਸਟਮ ਲਗਾਏ ਗਏ ਸਨ। ਪਰ ਕਈ ਪਿੰਡਾਂ ‘ਚ ਹੁਣ ਉਹ ਚਿੱਟੇ ਹਾਥੀ ਵਾਂਗ ਖੜ੍ਹੇ ਦਿਖਾਈ ਦੇ ਰਹੇ ਹਨ। ਨਾ ਹੀ ਇਨ੍ਹਾਂ ਵੱਲ ਸੰਬੰਧਤ ਪ੍ਰਾਈਵੇਟ ਕੰਪਨੀ ਤੇ ਸਰਕਾਰ ਦਾ ਕੋਈ ਧਿਆਨ ਨਹੀਂ ਹੈ ਤੇ ਕਈ ਮਹੀਨਿਆਂ ਅਤੇ ਸਾਲਾਂ ਤੋਂ ਬੰਦ ਪਏ ਹਨ ਤੇ ਗ਼ਰੀਬ ਲੋੜਵੰਦ ਲੋਕਾਂ ਨੂੰ ਹੁਣ ਕੋਈ ਸ਼ੁੱਧ ਪਾਣੀ ਦੀ ਸਹੂਲਤ ਨਹੀਂ ਹੈ।
ਲੋਕ ਫਿਰ ਵਾਟਰ ਵਰਕਸ ਤੇ ਸਬਮਰਸੀਬਲ ਵੋਟਰਾਂ ਦਾ ਦੁਬਾਰਾ ਪਾਣੀ ਪੀਣ ਲੱਗ ਪਏ ਹਨ ਅਤੇ ਪੀਣ ਵਾਲਾ ਪਾਣੀ ਸ਼ੁੱਧ ਨਾ ਹੋਣ ਕਰਕੇ ਲੋਕ ਤਰ੍ਹਾਂ ਤਰ੍ਹਾਂ ਦੀਆਂ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ। ਜਦੋਂ ਦੀ ਪੰਜਾਬ ਵਿੱਚ ਕਾਂਗਰਸ ਸਰਕਾਰ ਹੋਂਦ ਵਿੱਚ ਆਈ ਹੈ, ਉਦੋਂ ਤੋਂ ਹੀ ਲੋਕਾਂ ਨੂੰ ਮਿਲਦੀਆਂ ਸਹੂਲਤਾਂ ਬੰਦ ਹੋਣ ਕਿਨਾਰੇ ਹਨ ਤੇ ਕਈ ਸਹੂਲਤਾਂ ਬੰਦ ਵੀ ਕੀਤੀਆਂ ਗਈਆਂ ਹਨ। ਜੋ ਆਰ.ਓ. ਸਿਸਟਮਾਂ ਤੇ ਪ੍ਰਾਈਵੇਟ ਮੁਲਾਜ਼ਮ ਰੱਖੇ ਗਏ ਸਨ, ਉਨ੍ਹਾਂ ਨੂੰ ਪੂਰਾ ਮਿਹਨਤਾਨਾ ਨਾ ਮਿਲਣ ਕਰਕੇ ਨੌਕਰੀ ਤੋਂ ਹਟ ਕੇ ਘਰੇ ਬੈਠ ਗਏ ਹਨ।
ਇਸੇ ਹੀ ਤਰ੍ਹਾਂ ਪਿੰਡ ਵਜੀਦ ਕੇ ਕਲਾਂ, ਪਿੰਡ ਵਜੀਦ ਕੇ ਖੁਰਦ, ਪਿੰਡ ਖਿਆਲੀ ਅਤੇ ਇਤਿਹਾਸਕ ਪਿੰਡ ਗਹਿਲ ਦੇ ਆਰ.ਓ. ਸਿਸਟਮ ਕਾਫੀ ਸਮੇਂ ਤੋਂ ਬੰਦ ਪਏ ਹਨ, ਜਿੱਥੇ ਹੁਣ ਵੱਡਾ ਵੱਡਾ ਘਾਹ ਫੂਸ ਉੱਗ ਪਿਆ ਹੈ। ਪਿੰਡ ਵਜੀਦ ਕੇ ਖੁਰਦ ਵਾਲਾ ਆਰ.ਓ ਚੱਲਣ ਤੋਂ ਪਹਿਲਾਂ ਹੀ ਬੰਦ ਹੋ ਗਿਆ ਸੀ। ਇਨ੍ਹਾਂ ਆਰ.ਓ.ਦੀ ਜ਼ਿੰਮੇਵਾਰੀ ਕੋਈ ਵੀ ਪੰਚਾਇਤ ਲੈਣ ਨੂੰ ਤਿਆਰ ਨਹੀਂ ਹੈ, ਕਿਉਂਕਿ ਬਿਜਲੀ ਦਾ ਬਿੱਲ ਪਹਿਲਾਂ ਹੀ ਲੋਕਾਂ ਨੂੰ ਰੁਆ ਦਿੰਦਾ ਹੈ ਤੇ ਬਾਕੀ ਮੁਲਾਜ਼ਮਾਂ ਨੂੰ ਤਨਖ਼ਾਹ ਕਿਥੋ ਦਿੱਤੀ ਜਾਵੇ। ਜਿਸ ਕਰ ਕੇ ਹੁਣ ਇਹ ਆਰ.ਓ. ਬੰਦ ਹੋਏ ਪਏ ਹਨ। ਲੋਕਾਂ ਦੀ ਪੰਜਾਬ ਸਰਕਾਰ ਪਾਸੋਂ ਮੰਗ ਹੈ ਕਿ ਇਨ੍ਹਾਂ ਨੂੰ ਦੁਬਾਰਾ ਚਾਲੂ ਕੀਤਾ ਜਾਵੇ, ਜਿਸ ਨਾਲ ਲੋੜਵੰਦ ਤੇ ਗ਼ਰੀਬ ਲੋਕਾਂ ਨੂੰ ਸ਼ੁੱਧ ਪਾਣੀ ਮਿਲ ਸਕੇ।