Uncategorizedਮਾਲਵਾ

ਨਕਸਲੀਆਂ ਦੇ ਹਮਲੇ ਦੌਰਾਨ ਸ਼ਹੀਦ ਹੋਏ ਏੇ.ਐਸ.ਆਈ. ਗੁਰਮੁੱਖ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਅੰਤਿਮ ਸੰਸਕਾਰ

ਕਿਸੇ ਵੀ ਰਾਜਨਤਿਕ ਪਾਰਟੀ ਦੇ ਆਗੂ ਤੇ ਉੱਚ ਅਧਿਕਾਰੀਆਂ ਦੇ ਨਾਂ ਪਹੁੰਚਣ ਤੇ ਪਿੰਡ ਵਾਸੀਆ ‘ਚ ਗੁੱਸੇ ਦੀ ਲਹਿਰ

ਮਹਿਲ ਕਲਾ, 22 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ) ਸ਼ੁੱਕਰਵਾਰ ਨੂੰ ਛੱਤੀਸਗੜ੍ਹ ਅਧੀਨ ਪੈਂਦੀ ਬਸਤਰ ਡਿਵੀਜ਼ਨ ਦੇ ਜ਼ਿਲ੍ਹਾ ਨਰਾਇਣਪੁਰ ਵਿੱਚ ਨਕਸਲੀਆਂ ਵੱਲੋਂ ਕੀਤੇ ਹਮਲੇ ਵਿੱਚ ਸ਼ਹੀਦ ਹੋਏ ਭਾਰਤ ਤਿੱਬਤ ਬਾਰਡਰ ਪੁਲਿਸ (ITBP) ਦੇ ਏੇ.ਐਸ.ਆਈ. ਗੁਰਮੁੱਖ ਸਿੰਘ ਦਾ ਉਸ ਦੇ ਜੱਦੀ ਪਿੰਡ ਝੋਰੜਾਂ ‘ਚ ਸਰਕਾਰੀ ਸਨਮਾਨਾਂ ਨਾਲ ਅੰਤਿਮ ਸਸਕਾਰ ਕੀਤਾ ਗਿਆ। ਅੱਜ ਸਵੇਰੇ ਆਈਟੀਬੀਪੀ ਦੀ 45 ਬਟਾਲੀਅਨ ਦੇ ਸਬ ਇੰਸਪੈਕਟਰ ਸੁਭਾਸ਼ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੁਕੜੀ ਸ਼ਹੀਦ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ਲੈ ਕੇ ਪਿੰਡ ਵਿੱਚ ਪਹੁੰਚੇ।

ਸ਼ਹੀਦ ਗੁਰਮੁੱਖ ਸਿੰਘ ਦੀ ਅੰਤਿਮ ਯਾਤਰਾ ਵਿੱਚ ਪਿੰਡ ਝੋਰੜਾਂ ਤੋਂ ਇਲਾਵਾ ਇਲਾਕੇ ਦੇ ਹਜ਼ਾਰਾਂ ਲੋਕਾਂ ਨੇ ਸ਼ਿਰਕਤ ਕੀਤੀ। ਸ਼ਹੀਦ ਦੇ ਘਰ ਤੋਂ ਲੈ ਕੇ ਸ਼ਮਸ਼ਾਨ ਘਾਟ ਤੱਕ ਰਸਤੇ ਵਿਚ ਲੋਕ ਹੀ ਲੋਕ ਨਜ਼ਰ ਆ ਰਹੇ ਸਨ ਅਤੇ ਹਰ ਕੋਈ ਹੱਥ ਜੋੜ ਕੇ ਸੇਜਲ ਅੱਖਾਂ ਨਾਲ ਸ਼ਹੀਦ ਗੁਰਮੁੱਖ ਸਿੰਘ ਨੂੰ ਸਿਜਦਾ ਕਰ ਰਿਹਾ ਸੀ।

ਇਸ ਮੌਕੇ ਆਈਟੀਬੀਪੀ ਦੇ ਜਵਾਨਾਂ ਦੀ ਟੁਕੜੀ ਨੇ 8 ਰਾਈਫਲਾਂ ਨਾਲ ਫਾਇਰ ਕਰਕੇ ਸ਼ਹੀਦ ਗੁਰਮੁਖ ਸਿੰਘ ਨੂੰ ਸਲਾਮੀ ਦਿੱਤੀ ਗਈ। ਉੱਥੇ ਹੀ ਆਈਟੀਬੀਪੀ ਦਿੱਲੀ ਹੈੱਡਕੁਆਰਟਰ ਤੋਂ ਆਏ ਡੀ.ਆਈ.ਜੀ ਅੰਗਦ ਪ੍ਰਸ਼ਾਦ ਯਾਦਵ, ਵਿਸ਼ਾਲ ਮਹਾਤ ਕਮਾਂਡੈਂਟ ਬੱਦੋਵਾਲ ਫੋਰਸ, ਅਸਿਸਟੈਂਟ ਕਮਾਂਡਰ ਗੌਤਮ ਕੁਮਾਰ, ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਤਹਿਸੀਲਦਾਰ ਰਾਏਕੋਟ ਪਰਮਜੀਤ ਸਿੰਘ ਬਰਾੜ, ਪੁਲਸ ਪ੍ਰਸ਼ਾਸਨ ਵੱਲੋਂ ਡੀ.ਐਸ.ਪੀ ਰਾਏਕੋਟ ਗੁਰਬਚਨ ਸਿੰਘ ਨੇ ਸ਼ਹੀਦ ਗੁਰਮੁੱਖ ਸਿੰਘ ਦੀ ਮ੍ਰਿਤਕ ਦੇਹ ‘ਤੇ ਫੁੱਲ ਚੜ੍ਹਾ ਕੇ ਸ਼ਰਧਾਂਜਲੀ ਭੇਟ ਕੀਤੀ।

ਇਸ ਮੌਕੇ ਸ਼ਹੀਦ ਗੁਰਮੱਖ ਸਿੰਘ ਦੇ ਬਜ਼ੁਰਗ ਪਿਤਾ ਜੰਗੀਰ ਸਿੰਘ ਅਤੇ 15 ਸਾਲਾਂ ਬੇਟੇ ਗੁਰਨੂਰ ਸਿੰਘ ਨੇ ਸਲੂਟ ਕਰਕੇ ਅੰਤਿਮ ਸਲਾਮੀ ਦਿੱਤੀ, ਜਦਕਿ ਮ੍ਰਿਤਕ ਦੇਹ ਨੂੰ ਮੁੱਖ ਅਗਨੀ ਸ਼ਹੀਦ ਗੁਰਮੱਖ ਸਿੰਘ ਦੇ ਬੇਟੇ ਗੁਰਨੂਰ ਸਿੰਘ ਵੱਲੋਂ ਭੇਟ ਕੀਤੀ ਗਈ।

ਇਸ ਮੌਕੇ ਗੱਲਬਾਤ ਕਰਦਿਆਂ ਆਈਟੀਬੀਪੀ ਹੈੱਡਕੁਆਰਟਰ ਦਿੱਲੀ ਦੇ ਡੀਆਈਜੀ ਅੰਗਦ ਪ੍ਰਸ਼ਾਦ ਯਾਦਵ ਨੇ ਕਿਹਾ ਕਿ ਸ਼ਹੀਦ ਗੁਰਮੁੱਖ  ਸਿੰਘ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਮਿਲਣ ਵਾਲੀ ਸਹਾਇਤਾ ਰਾਸ਼ੀ ਛੇਤੀ ਹੀ ਮੁਹੱਈਆ ਕਰਵਾਈ ਜਾਵੇਗੀ ਅਤੇ ਫੋਰਸ ਵੱਲੋਂ ਸ਼ਹੀਦ ਦੇ ਪਰਿਵਾਰ ਦੀ ਹਰ ਪ੍ਰਕਾਰ ਨਾਲ ਮਦਦ ਕੀਤੀ ਜਾਵੇਗੀ। ਡੀਆਈਜੀ ਜਾਧਵ ਨੇ ਦੱਸਿਆ ਕਿ ਸ਼ਹੀਦ ਗੁਰਮੁੱਖ ਸਿੰਘ ਬਹੁਤ ਹੀ ਦਲੇਰ ਸੁਭਾਅ ਦਾ ਮਾਲਕ ਸੀ, ਹਰ ਮੋਰਚੇ ‘ਤੇ ਅੱਗੇ ਹੋ ਕੇ ਲੜਨਾ ਉਸਦੀ ਬਹਾਦਰੀ ਦੀ ਮਿਸਾਲ ਹੈ। ਬਲਕਿ ਘਟਨਾ ਵਾਲੇ ਦਿਨ ਵੀ ਗੁਰਮੁਖ ਸਿੰਘ ਆਪਣੇ ਅਸਿਸਟੈਂਟ ਕਮਾਂਡੈਂਟ ਸੁਧਾਕਰ ਸ਼ਿੰਦੇ ਦੇ ਨਾਲ ਆਪ੍ਰੇਸ਼ਨ ਨੂੰ ਅਗਵਾਈ ਕਰ ਰਿਹਾ ਸੀ ਤਾਂ ਨਕਸਲੀਆਂ ਦੇ ਇਕ ਵੱਡੇ ਧੜੇ ਨੇ ਘਾਤ ਲਗਾ ਕੇ ਉਨ੍ਹਾਂ ‘ਤੇ ਹਮਲਾ ਕਰ ਦਿੱਤਾ। ਜਿਸ ਦੌਰਾਨ ਉਹ ਦੋਵੇਂ ਸ਼ਹੀਦ ਹੋ ਗਏ।

ਉਨ੍ਹਾਂ ਕਿਹਾ ਕਿ ਗੁਰਮੁੱਖ ਸਿੰਘ ਦੀ ਸ਼ਹਾਦਤ ਅਜਾਈਂ ਨਹੀਂ ਜਾਵੇਗੀ। ਇੱਥੇ ਜ਼ਿਕਰਯੋਗ ਹੈ ਕਿ ਸ਼ਹੀਦ ਗੁਰਮੁਖ ਸਿੰਘ ਦੇ ਅੰਤਮ ਸਸਕਾਰ ਮੌਕੇ ਕਿਸੇ ਵੀ ਰਾਜਨੀਤਕ ਪਾਰਟੀ ਦੇ ਵਿਧਾਇਕ, ਸੰਸਦ ਅਤੇ ਵੱਡੇ ਆਗੂਆਂ ਤੋਂ ਇਲਾਵਾ ਕੋਈ ਵੀ ਪ੍ਰਸ਼ਾਸਨ ਤੇ ਪੁਲਸ ਦੇ ਕਿਸੇ ਵੀ ਉੱਚ ਅਧਿਕਾਰੀ ਵੱਲੋਂ ਨਾ ਪਹੁੰਚਣ ਦਾ ਗੁੱਸਾ ਤੇ ਅਫਸੋਸ ਪਿੰਡ ਵਾਸੀਆਂ ਵਿਚ ਸਾਫ ਨਜ਼ਰ ਆ ਰਿਹਾ ਸੀ

Show More

Related Articles

Leave a Reply

Your email address will not be published. Required fields are marked *

Back to top button