ਫ਼ਖ਼ਰ: ਜਰਮਨ ‘ਚ ਕੌਂਸਲਰ ਦੀਆਂ ਹੋਰ ਰਹੀ ਚੋਣਾਂ ਲਈ ਉਮੀਦਵਾਰ ਨੇ ਪੰਜਾਬੀ ‘ਚ ਲਗਵਾਏ ਪੋਸਟਰ ਤੇ ਬੈਨਰ

SPD ਪਾਰਟੀ ਦੇ ਉਮੀਦਵਾਰ ਜਸਵਿੰਦਰ ਸਿੰਘ ਮੌਜੂਦਾ ਸਮੇਂ ‘ਚ ਵੀ ਨੇ ਕੌਂਸਲਰ
ਫਰਾਂਸ 3 ਸਤੰਬਰ (ਕੁਲਵਿੰਦਰ ਸਿੰਘ ਫਰਾਂਸ) ਕਹਿੰਦੇ ਨੇ ਕਿ ਪੰਜਾਬੀ ਜਿੱਥੇ ਵੀ ਜਾਣ ਆਪਣੀ ਪਹਿਚਾਣ ਕਦੇ ਨਹੀਂ ਭੁੱਲਦੇ, ਬਲਕਿ ਜਿੱਥੇ ਕੀਤੇ ਵੀ ਜਾਂਦੇ ਨੇ ਆਪਣੀ ਮਿੱਟੀ, ਆਪਣੇ ਮਾਂ-ਪਿਓ ਤੇ ਆਪਣੀ ਮਾਂ ਬੋਲੀ ਪੰਜਾਬੀ ਦਾ ਸਿਰ ਫ਼ਖ਼ਰ ਨਾਲ ਉੱਚਾ ਕਰਦੇ ਹਨ। ਜਿਸ ਦੀ ਤਾਜ਼ਾ ਮਿਸਾਲ ਜਰਮਨ ਦੇ ਸ਼ਹਿਰ ਹਾਈਡਲਬਰਗ ਦੇ ਕੌਂਸਲਰ ਤੇ 26 ਸਤੰਬਰ ਨੂੰ ਦੁਬਾਰਾ ਕੌੰਸਲਰ ਦੀਆਂ ਹੋ ਰਹੀਆਂ ਚੋਣਾਂ ਦੇ ਪ੍ਰਮੁਖ ਪਾਰਟੀ SPD ਦੇ ਉਮੀਦਵਾਰ ਜਸਵਿੰਦਰ ਸਿੰਘ ਵੱਲੋਂ ਬਹੁਤ ਖੂਬਸੂਰਤ ਅੰਦਾਜ਼ ਵਿੱਚ ਦਿੱਤੀ ਗਈ ਹੈ।
ਜਰਮਨ ਦੇ ਖ਼ੂਬਸੂਰਤ ਸ਼ਹਿਰ ਹਾਈਡਲਬਰਗ ਵਿੱਚ 26 ਸਤਬੰਰ ਨੂੰ ਪੈ ਰਹੀਆਂ ਵੋਟਾਂ ਲਈ ਉਮੀਦਵਾਰ ਜਸਵਿੰਦਰ ਸਿੰਘ ਵੱਲੋ ਜਿੱਥੇ ਲੋਕਾਂ ਨਾਲ ਘਰ ਘਰ ਜਾ ਕੇ ਆਪਣੇ ਹੱਕ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਉੱਥੇ ਹੀ ਉਸ ਵੱਲੋਂ ਲੋਕਾਂ ਨੂੰ ਮਾਂ ਬੋਲੀ ਪੰਜਾਬੀ ਭਾਵ ਗੁਰੂਆਂ ਦੀ ਲਿੱਪੀ ਗੁਰਮੁਖੀ ਚ, ਸ਼ਹਿਰ ਦੀਆਂ ਟ੍ਰੇਨਾਂ, ਟ੍ਰਾਮਾਂ ਤੇ ਬੱਸ ਅੱਡਿਆ ਤੇ ਪੋਸਟਰ ਲਗਾ ਕਿ ਮਾਂ ਬੋਲੀ ਪੰਜਾਬੀ ਪ੍ਰਤੀ ਆਪਣੇ ਮੋਹ ਨੂੰ ਵੀ ਉਜਾਗਰ ਕੀਤਾ ਹੈ। ਉਨ੍ਹਾਂ ਵੱਲੋਂ ਪੰਜਾਬੀ ਭਾਸ਼ਾ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ, ਤਾਂ ਜੋ ਵਤਨਾਂ ਤੋਂ ਦੂਰ ਰਹਿੰਦੇ ਹੋਏ ਵੀ ਉਹ ਆਪਣੇ ਆਪ ਨੂੰ ਇਕੱਲਾ ਮਹਿਸੂਸ ਨਾ ਕਰਨ।

ਇਸ ਮੌਕੇ ਸਾਡੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਜਸਵਿੰਦਰ ਸਿੰਘ ਨੇ ਕਿਹਾ ਕਿ ਬੇਸ਼ੱਕ ਹਾਈਡਲਬਰਗ ਵਰਗੇ ਸ਼ਹਿਰ ‘ਚ, ਪੰਜਾਬੀਆਂ ਦੀ ਗਿਣਤੀ ਬਹੁਤ ਘੱਟ ਹੈ, ਪਰ ਅਸੀਂ ਆਪਣੀ ਮਾਂ ਬੋਲੀ ਨੂੰ ਨਹੀਂ ਵਿਸਾਰ ਸਕਦੇ। ਉਨ੍ਹਾਂ ਕਿਹਾ ਕਿ ਜਿੱਥੇ ਪਹਿਲਾ ਕੈਨੇਡਾ, ਅਮਰੀਕਾ ਤੇ ਆਸਟ੍ਰੇਲੀਆ ਵਰਗੇ ਮੁਲਕਾਂ ‘ਚ ਪੰਜਾਬੀ ਨੂੰ ਲਾਗੂ ਕਰਵਾਇਆ ਗਿਆ ਹੈ, ਉਸੇ ਤਰ੍ਹਾਂ ਹੀ ਹੁਣ ਜਰਮਨ ਵਿੱਚ ਵੀ ਇਸ ਨੂੰ ਲਾਗੂ ਕਰਵਾਉਣ ਦੀਆਂ ਕੋਸ਼ਿਸ਼ਾਂ ਜਾਰੀ ਕਰ ਦਿੱਤੀਆਂ ਗਈਆਂ ਹਨ।
ਜ਼ਿਕਰਯੋਗ ਹੈ ਕਿ ਪਿੱਛਲੇ ਦਿਨੀ ਫਰੈੰਕਫੋਰਟ ‘ਚ ਕਿਸਾਨਾਂ ਦੇ ਹੱਕ ਵਿੱਚ ਕੱਢੀ ਗਈ ਕਾਰ ਰੈਲੀ ‘ਚ, ਲਗਾਤਾਰ ਇੱਕ ਹਫ਼ਤਾ ਹਿੰਦੁਸਤਾਨੀ ਸ਼ਫਾਰਤਖਾਨੇ ਦੇ ਸਾਹਮਣੇ ਮੋਰਚਾ ਲਗਾਇਆ ਗਿਆ ਸੀ, ਜਿੱਥੇ ਉਮੀਦਵਾਰ ਵੱਲੋਂ ਆਪਣੇ ਪਰਿਵਾਰ ਸਮੇਤ ਹਿਸਾ ਲਿਆ ਗਿਆ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਜਸਵਿੰਦਰ ਸਿੰਘ ਰਾਠ ਦਾ ਬੇਟਾ ਕੰਵਰ ਸ਼ੇਰਪਾਲ ਸਿੰਘ ਰਾਠ ਜੋ ਕਿ ਹਾਕੀ ਟੀਮ ਦਾ ਹਿੱਸਾ ਹੈ ਤੇ ਸਮਾਜਿਕ ਗਤੀਵਿਧੀਆਂ ‘ਚ, ਵੀ ਮੋਹਰੀ ਹੁੰਦਾ ਹੈ ਨੇ ਆਪਣਾ ਜਨਮ ਦਿਨ ਵੀ ਕਿਸਾਨ ਮੋਰਚੇ ਤੇ ਮਨਾਇਆ ਸੀ।
ਸਾਡੇ ਪੱਤਰਕਾਰ ਕੁਲਵਿੰਦਰ ਸਿੰਘ ਫਰਾਂਸ ਨੇ ਦੱਸਿਆ ਕਿ ਜਸਵਿੰਦਰ ਸਿੰਘ ਪਿੱਛਲੇ ਲੰਬੇ ਸਮੇਂ ਤੋਂ ਜਰਮਨ ਦੀ ਪ੍ਰਮੁਖ ਪਾਰਟੀ SPD ਨਾਲ ਪਿੱਛਲੇ ਲੰਮੇ ਅਰਸੇ ਤੋਂ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬੀ ਭਾਈਚਾਰੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਜਸਵਿੰਦਰ ਸਿੰਘ ਪੰਜਾਬੀਅਤ ਦਾ ਝੰਡਾ ਵਤਨਾਂ ਤੋਂ ਦੂਰ ਹੁੰਦੀਆਂ ਹੋਇਆ ਵੀ ਬੁਲੰਦ ਕਰ ਰਿਹਾ ਹੈ। ਪੱਤਰਕਾਰ ਨੇ ਕਿਹਾ ਕਿ ਜਿੱਥੇ ਜਸਵਿੰਦਰ ਸਿੰਘ ਆਪਣੀ ਦਸਾਂ ਨੌਹਾਂ ਦੀ ਕਿਰਤ ਕਰਨ ਦੇ ਨਾਲ-ਨਾਲ ਰਾਜਨੀਤੀ, ਸਮਾਜਿਕ ਗਤੀਵਿਧੀਆਂ, ਪੰਜਾਬੀ ਬੋਲ਼ੀ ਭਾਵ ਸੱਭਿਆਚਾਰ ਤੇ ਪਰਿਵਾਰਕ ਜ਼ੁੰਮੇਵਾਰੀਆਂ ਨੂੰ ਬਾਖੂਬੀ ਨਿਭਾਅ ਰਿਹਾ ਹੈ, ਉੱਥੇ ਹੀ ਬੱਚਿਆਂ ਨੂੰ ਹਾਕੀ ਗਰਾਊੰਡ, ਫ਼ਾਇਰ ਬ੍ਰਿਗੇਡ ਤੇ ਸਕੂਲ ਆਦਿ ਲਈ ਵੀ ਕੰਮ ਕਰ ਰਿਹਾ ਹੈ।