ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਲੱਗ ਰਹੀ ਢਾਹ, ਪੰਜ ਤਖਤਾਂ ਦੇ ਚਾਰ ਜੱਥੇਦਾਰ ਕਿਉਂ ?

ਸਿੱਖਾਂ ਦੀ ਅੱਖੀਂ ਪਾਇਆ ਜਾ ਰਿਹਾ ਘੱਟਾ: ਭਾਈ ਰਣਜੀਤ ਸਿੰਘ ਜਰਮਨੀ
ਜਰਮਨੀ, 5 ਅਕਤੂਬਰ: ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਗੁਰੂ ਸਾਹਿਬਾਨਾ ਨੇ ਬਣਾਇਆਂ ਅਤੇ ਲਾਗੂ ਕੀਤਾ, ਜੋ ਕਿ ਹਰ ਸਿੱਖ ਨੂੰ ਮੰਨਣਾ ਲਾਜਮੀ ਹੈ। ਗੁਰੂ ਸਾਹਿਬਾਨਾਂ ਦੇ ਹੁਕਮਨਾਮੇ ਗੁਰ ਇਤਿਹਾਸ ਅਤੇ ਵਿਦਵਾਨਾਂ ਦੀਆਂ ਲਿਖਤਾਂ ਇਸ ਸਿਧਾਂਤ ਨੂੰ ਮੰਨਣ ਦੀ ਗਵਾਹੀ ਭਰਦੀਆਂ ਹਨ। ਪਰ ਅੱਜ ਇਸ ਸਿਧਾਂਤ ਨੂੰ ਲਾਗੂ ਕਰਵਾਉਣ ਵਾਲੀ ਸ੍ਰੋਮਣੀ ਕਮੇਟੀ ਅਤੇ ਤਖਤਾਂ ਦੇ ਜੱਥੇਦਾਰ ਹੀ ਪੰਚ ਪ੍ਰਧਾਨੀ ਸਿਸਟਮ ਨੂੰ ਢਾਹ ਲਾ ਰਹੇ ਹਨ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਈ ਰਣਜੀਤ ਸਿੰਘ ਜਰਮਨੀ ਨੇ ਸਾਡੇ ਨਾਲ ਫੋਨ ਤੇ ਗੱਲਬਾਤ ਕਰਦਿਆਂ ਹੋਏ ਕੀਤਾ।
ਭਾਈ ਰਣਜੀਤ ਸਿੰਘ ਨੇ ਸ਼੍ਰੋਮਣੀ ਕਮੇਟੀ ਨੂੰ ਸਵਾਲ ਕਰਦਿਆਂ ਪੁੱਛਿਆ ਕਿ, ਕੀ ਸ੍ਰੋਮਣੀ ਕਮੇਟੀ ਦੇ ਮੈਂਬਰ ਅਤੇ ਉੱਚ ਅਹੁਦਿਆਂ ਤੇ ਬੈਠੇ ਹੋਏ ਆਗੂ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਇਸ ਸਿਧਾਂਤ ਤੋਂ ਅਣਜਾਣ ਹਨ? ਉਨ੍ਹਾਂ ਕਿਹਾ ਕਿ ਧਾਰਮਿਕ ਉੱਚ ਅਹੁਦਿਆਂ ਤੇ ਬੈਠੇ ਹੋਏ ਆਗੂ ਅਤੇ ਸ੍ਰੋਮਣੀ ਕਮੇਟੀ ਪ੍ਰਧਾਨ ਜੋ ਹਰ ਮਹੀਨੇ ਆਪਣੇ ਹਿੱਤਾਂ ਲਈ ਲੱਖਾਂ ਰੁਪਏ ਗੁਰੂ ਦੀ ਗੋਲਕ ਵਿਚੋਂ ਖਰਚ ਕਰ ਰਹੇ ਹਨ, ਕੀ ਇਹ ਸਾਰੇ ਇਸ ਸਿਧਾਂਤ ਤੋਂ ਅਣਜਾਣ ਹਨ ? ਜੇ ਅਣਜਾਣ ਹਨ ਤਾਂ ਇਹਨਾਂ ਨੂੰ ਕੋਈ ਅਧਿਕਾਰ ਨਹੀਂ ਅਹੁਦਿਆਂ ਤੇ ਬਣੇ ਰਹਿਣ ਦਾ, ਜੇ ਜਾਣਦੇ ਹਨ ਤਾਂ ਫਿਰ ਇਸ ਸਿਧਾਂਤ ਨੂੰ ਲਾਗੂ ਕਰਵਾਉਣ ਲਈ ਅੱਖਾਂ ਕਿਉਂ ਮੀਚੀ ਬੈਠੇ ਹਨ, ਤੇ ਮੂੰਹ ਕਿਓਂ ਬੰਦ ਕਰੀ ਬੈਠੇ ਹਨ ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਕਹਾਵਤ ਇਹਨਾਂ ਤੇ ਬਿਲਕੁਲ ਢੁੱਕਦੀ ਹੈ ਕਿ, ਸੁੱਤੇ ਨੂੰ ਤੇ ਜਗਾਈਏ, ਪਰ ਜਿਸ ਨੇ ਘੇਸਰ ਮਾਰੀ ਹੋਵੇ ਤੇ ਸੌਣ ਦਾ ਪਖੰਡ ਕਰਦਾ ਹੋਵੇ ਉਸਦਾ ਕੋਈ ਹੱਲ ਨਹੀ। ਉਨ੍ਹਾਂ ਕਿਹਾ ਕਿ ਕੀ ਗਿਆਨੀ ਹਰਪ੍ਰੀਤ ਸਿੰਘ ਇਸ ਸਿਧਾਂਤ ਤੋਂ ਅਣਜਾਣ ਹਨ, ਜੋ ਕਿ ਦੋ ਸਾਲ ਅਤੇ ਦਸ ਮਹੀਨੇ ਤੋਂ ਖੁਦ ਦੋ ਤਖਤਾਂ ਦੇ ਜੱਥੇਦਾਰ ਹਨ ? ਕੀ ਉਹਨਾ ਨੂੰ ਮਾਇਆ ਦੀ ਇੰਨੀ ਲਾਲਸਾ ਹੈ, ਕਿ ਉਹਨਾ ਦਾ ਇੱਕ ਤਨਖਾਹ ਨਾਲ ਗੁਜਾਰਾ ਨਹੀ ਹੁੰਦਾ ? ਜੇ ਉਹ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਸਮਝਦੇ ਹਨ ਤਾਂ ਇੱਕ ਅਹੁਦੇ ਤੋਂ ਅਸਤੀਫਾ ਕਿਉ ਨਹੀ ਦੇ ਦਿੰਦੇ ?
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਜੇ ਉਹਨਾ ਦੀ ਜ਼ਮੀਰ ਜਾਗਦੀ ਹੈ ਤਾਂ ਉਹ ਤੁਰੰਤ ਹੀ ਇੱਕ ਉਹਦੇ ਤੋਂ ਅਸਤੀਫਾ ਦੇ ਕੇ ਪੰਚ ਪ੍ਰਧਾਨੀ ਨੂੰ ਲੱਗ ਰਹੀ ਢਾਹ ਤੋਂ ਬਚਾਉਣ। ਉਨ੍ਹਾਂ ਕਿਹਾ ਕਿ ਅੰਮ੍ਰਿਤ ਵੇਲੇ ਦੀਆ ਪੰਜ ਬਾਣੀਆਂ, ਪੰਜ ਪਿਆਰੇ ਸਾਹਿਬਾਨ, ਪੰਜ ਤਖਤ ਸਾਹਿਬਾਨ ਪਰ ਸ੍ਰੋਮਣੀ ਕਮੇਟੀ ਨੇ ਅੰਮ੍ਰਿਤ ਵੇਲੇ ਦੀਆ ਪੰਜ ਬਾਣੀਆਂ ਤੋਂ ਤਿੰਨ ਕਰ ਦਿੱਤੀਆ। ਉਨ੍ਹਾਂ ਕਿਹਾ ਕਿ ਹੁਣ ਪੰਜ ਤਖਤਾਂ ਦੇ ਚਾਰ ਜਥੇਦਾਰ ਅਤੇ ਪੰਜਾਬ ਵਾਲੇ ਤਿੰਨ ਤਖਤਾਂ ਦੇ ਦੋ ਜਥੇਦਾਰ ਤੇ ਉਹ ਦਿਨ ਦੂਰ ਨਹੀਂ, ਜਿਸ ਦਿਨ ਪੰਜਾਬ ਵਾਲੇ ਤਿੰਨ ਤਖਤਾਂ ਦਾ ਇੱਕ ਜਥੇਦਾਰ ਹੋਵੇਗਾ।
ਭਾਈ ਰਣਜੀਤ ਸਿੰਘ ਨੇ ਕਿਹਾ ਕਿ ਇਹ ਬਹੁਤ ਹੀ ਗੰਭੀਰ ਮਸਲਾ ਹੈ, ਜਿਸ ਦੇ ਲਈ ਸਿੱਧੇ-ਸਿੱਧੇ ਤੌਰ ਤੇ ਪਿਛਲੇ ਲੰਮੇ ਸਮੇਂ ਤੋਂ ਕਾਬਜ਼ ਇਕ ਸਿਆਸੀ ਪਰਿਵਾਰ ਜਿੰਮੇਵਾਰ ਹੈ। ਜਿਨ੍ਹਾਂ ਨੇ ਰਾਜਨੀਤੀਕ ਦਖਲ ਅੰਦਾਜ਼ੀ ਕਰਕੇ ਪੰਜ ਪਿਆਰੇ ਸਾਹਿਬਾਨ ਨੂੰ ਬਰਖਾਸਤ ਕੀਤਾ, ਪੰਜ ਤਖਤਾਂ ਦੇ ਜਥੇਦਾਰਾਂ ਨੂੰ ਸੌਦਾ ਸਾਧ ਵੇਲੇ ਚੰਡੀਗੜ੍ਹ ਸੱਦ ਕੇ ਪੰਚ ਪ੍ਰਧਾਨੀ ਮਰਿਆਦਾ ਨੂੰ ਢਾਹ ਲਾਉਣ ਦੀ ਸੁਰੂਆਤ ਕੀਤੀ। ਉਨ੍ਹਾਂ ਕਿਹਾ ਕਿ ਮੈਂ ਸਮੂਹ ਪੰਥਕ ਚਿੰਤਾ ਰੱਖਣ ਵਾਲੇ ਵਿਦਵਾਨਾਂ, ਸੰਤਾਂ, ਮਹਾਂਪੁਰਖਾ ਤੇ ਸੰਪਰਦਾਵਾਂ ਦੇ ਮੁਖੀਆ ਨੂੰ ਅਪੀਲ ਕਰਦਾ ਹਾਂ ਕਿ ਆਪਾਂ ਸਾਰੇ ਇੱਕਤਰ ਹੋ ਕੇ ਪੰਚ ਪ੍ਰਧਾਨੀ ਦੇ ਸਿਧਾਂਤ ਨੂੰ ਲੱਗ ਰਹੀ ਢਾਹ ਨੂੰ ਬਚਾਈਏ ਤੇਂ ਆਪਣਾ ਫਰਜ਼ ਪਛਾਣਦੇ ਹੋਏ, ਇੱਕ ਹੋ ਕੇ ਆਵਾਜ਼ ਬੁਲੰਦ ਕਰੀਏ ਅਤੇ ਗੁਰੂ ਸਿਧਾਂਤਾ ਦੀ ਰਾਖੀ ਕਰੀਏ।