ਕ੍ਰਾਈਮਦੇਸ਼/ਵਿਦੇਸ਼
Trending

ਟਿਕਰੀ ਬਾਰਡਰ ਹਾਦਸਾ: ਕਿਸਾਨ ਔਰਤਾਂ ਤੇ ਟਿੱਪਰ ਚੜ੍ਹਿਆ, ਤਿੰਨ ਦੀ ਮੌਤ, ਦੋ ਗੰਭੀਰ ਜ਼ਖਮੀ

Tikri Border Accident: Three women killed, two seriously injured

ਨਵੀਂ ਦਿੱਲੀ, 28 ਅਕਤੂਬਰ: ਲਖੀਮਪੁਰ ਖੀਰੀ ’ਚ ਗੱਡੀ ਹੇਠ ਦਰੜ ਕੇ 4 ਕਿਸਾਨਾਂ ਨੂੰ ਸ਼ਹੀਦ ਕਰਨ ਦੀਆਂ ਖਬਰਾਂ ਦੀ ਸਿਆਹੀ ਹਾਲੇ ਸੁੱਕੀ ਵੀ ਨਹੀਂ ਸੀ ਕਿ ਦਿੱਲੀ ਦੇ ਟਿਕਰੀ ਬਾਰਡਰ ਮੋਰਚੇ ਤੇ ਇੱਕ ਟਿੱਪਰ ਵੱਲੋਂ ਕੁਚਲਣ ਕਾਰਨ ਤਿੰਨ ਕਿਸਾਨ ਔਰਤਾਂ ਦੀ ਦਰਦਨਾਕ ਮੌਤ ਦਾ ਮਾਮਲਾ ਸਾਹਮਣੇ ਆਇਆ ਹੈ। ਟਿੱਪਰ ਵੱਲੋਂ ਦਰੜਨ ਦੌਰਾਨ ਦੋ ਕਿਸਾਨ ਔਰਤਾਂ ਗੰਭੀਰ ਜਖਮੀ ਹੋ ਗਈਆਂ ਹਨ, ਜਿੰਨ੍ਹਾ ਨੂੰ ਪੀ.ਜੀ.ਆਈ ਰੋਹਤਕ ’ਚ ਇਲਾਜ ਲਈ ਦਾਖਿਲ ਕਰਵਾਇਆ ਗਿਆ ਹੈ। ਇਹ ਸਾਰੀਆਂ ਔਰਤਾਂ ਮਾਨਸਾ ਜਿਲ੍ਹੇ ਦੇ ਬਲਾਕ ਭੀਖੀ ਨੇੜਲੇ ਪਿੰਡ ਖੀਵਾ ਨਾਲ ਸਬੰਧਤ ਸਨ।

ਟਿੱਪਰ ਵੱਲੋਂ ਕੁਚਲਣ ਵਾਲੇ ਸ਼ਹੀਦ ਔਰਤਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਹਰਜੀਤ ਸਿੰਘ, ਗੁਰਮੇਲ ਕੌਰ ਪਤਨੀ ਭੋਲਾ ਸਿੰਘ ਅਤੇ ਸ਼ਿੰਦਰ ਕੌਰ ਪਤਨੀ ਭਾਨ ਸਿੰਘ ਵਜੋਂ ਕੀਤੀ ਗਈ ਹੈ। ਜਦੋਂ ਕਿ ਇਸ ਟਿੱਪਰ ਕਾਂਡ ’ਚ ਗੁਰਮੇਲ ਕੌਰ ਪਤਨੀ ਮਿਹਰ ਸਿੰਘ ਅਤੇ ਹਰਮੀਤ ਕੌਰ ਪਤਨੀ ਗੁਰਤੇਜ ਸਿੰਘ ਗੰਭੀਰ ਜਖਮੀ ਹੋਈਆਂ ਹਨ। ਇਸ ਸਬੰਧ ’ਚ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਜਾਂਚ ਦੌਰਾਨ ਹੀ ਇਹ ਸਾਹਮਣੇ ਆਵੇਗਾ ਕਿ ਇਹ ਘਟਨਾ ਮਹਿਜ਼ ਕੋਈ ਹਾਦਸਾ ਹੈ ਜਾਂ ਫਿਰ ਕਿਸੇ ਗੰਭੀਰ ਸਾਜਿਸ਼ ਦਾ ਸਿੱਟਾ ਹੈ।

ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਕਿਸਾਨ ਔਰਤਾਂ ਨੂੰ ਮੋਰਚੇ ਦੀਆਂ ਸ਼ਹੀਦ ਕਰਾਰ ਦਿੰਦਿਆਂ ਪੀੜਤ ਪ੍ਰੀਵਾਰਾਂ ਲਈ ਮਾਲੀ ਇਮਦਾਦ ਦੀ ਮੰਗ ਕੀਤੀ ਹੈ। ਉਗਰਾਹਾਂ ਯੂਨੀਅਨ ਦੇ ਸੀਨੀਅਰ ਆਗੂ ਤੇ ਟਿਕਰੀ ਬਾਰਡਰ ਮੋਰਚੇ ’ਚ ਕਮਾਂਡ ਸੰਭਾਲ ਰਹੇ, ਕਿਸਾਨ ਆਗੂ ਬਸੰਤ ਸਿੰਘ ਕੋਠਾ ਗੁਰੂ ਨੇ ਇਸ ਦੁਖਦਾਈ ਕਾਂਡ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਇਹ ਕਿਸਾਨ ਔਰਤਾਂ ਪੰਜਾਬ ਪਰਤਣ ਲਈ ਝੱਜਰ ਵਾਲੇ ਪੁਲ ਦੇ ਹੇਠਾਂ ਡਿਵਾਇਡਰ ਤੇ ਬੈਠੀਆਂ ਰੇਲਵੇ ਸਟੇਸ਼ਨ ਜਾਣ ਲਈ ਆਟੋ ਦੀ ਉਡੀਕ ਕਰ ਰਹੀਆਂ ਸਨ। ਉਨ੍ਹਾਂ ਦੱਸਿਆ ਕਿ ਇੰਨ੍ਹਾਂ ਨੇ ਰੇਲਵੇ ਸਟੇਸ਼ਨ ਤੋਂ ਚੱਲਣ ਵਾਲੀ ਪੌਣੇ ਅੱਠ ਵਜੇ ਵਾਲੀ ਗੱਡੀ ਫੜਨੀ ਸੀ, ਇਸੇ ਦੌਰਾਨ ਇਹ ਹਾਦਸਾ ਵਾਪਰ ਗਿਆ।

Show More

Related Articles

Leave a Reply

Your email address will not be published. Required fields are marked *

Back to top button