
ਚੰਡੀਗੜ੍ਹ, 6 ਅਗਸਤ: ਭਾਰਤੀ ਪਹਿਲਵਾਨ ਰਵੀ ਕੁਮਾਰ ਦਹੀਆ ਉਲੰਪਿਕ ਵਿਚ ਭਾਰਤ ਲਈ ਸੋਨ ਤਮਗਾ ਜਿੱਤਣ ਵਿਚ ਅਸਫਲ ਰਹੇ। ਪਰ ਫਾਈਨਲ ਵਿੱਚ ਹਾਰਨ ਤੋਂ ਬਾਅਦ ਵੀ ਰਵੀ ਦਹੀਆ ਭਾਰਤ ਦੀ ਝੋਲੀ ਵਿਚ ਚਾਂਦੀ ਦਾ ਤਮਗਾ ਪਾਉਣ ਵਾਲੇ ਦੂਜੇ ਭਾਰਤੀ ਪਹਿਲਵਾਨ ਬਣ ਗਏ ਹਨ। ਇਸ ਤੋਂ ਪਹਿਲਾ ਫਾਈਨਲ ਮੁਕਾਬਲੇ ਵਿਚ ਰਵੀ ਦਹੀਆ ਨੂੰ ਜ਼ਾਵਰ ਉਗੁਏਵ ਨੇ ਮਾਤ ਦਿੱਤੀ। ਜਿਕਰਯੋਗ ਹੈ ਕਿ ਜ਼ਾਵਰ ਉਗੁਏਵ ਨੇ 2019 ਵਿਸ਼ਵ ਚੈਂਪੀਅਨਸ਼ਿਪ ਦੇ ਸੈਮੀਫਾਈਨਲ ਵਿਚ ਵੀ ਰਵੀ ਨੂੰ ਹਰਾਇਆ ਸੀ।
ਵੀਰਵਾਰ ਨੂੰ ਉਲੰਪਿਕ ਦੇ 57 ਕਿਲੋ ਫ੍ਰੀਸਟਾਈਲ ਵਰਗ ਦੇ ਫਾਈਨਲ ਵਿਚ ਰਵੀ ਦਹੀਆ ਨੂੰ ਰੂਸ ਦੇ ਪਹਿਲਵਾਨ ਜ਼ਾਵਰ ਉਗੁਏਵ ਨੇ 7-4 ਨਾਲ ਮਾਤ ਦਿੱਤੀ। ਟੋਕੀਉ ਖੇਡਾਂ ਵਿਚ ਇਹ ਭਾਰਤ ਦਾ ਪੰਜਵਾਂ ਮੈਡਲ ਹੈ। ਇਸ ਤੋਂ ਪਹਿਲਾਂ ਵੀਰਵਾਰ ਨੂੰ ਭਾਰਤੀ ਪੁਰਸ਼ ਹਾਕੀ ਟੀਮ ਨੇ 41 ਸਾਲਾਂ ਬਾਅਦ ਜਿੱਤ ਦਰਜ਼ ਕਰਦੇ ਹੋਏ ਕਾਂਸੀ ਦਾ ਤਮਗਾ ਭਾਰਤ ਦੀ ਝੋਲੀ ਪਾਇਆ ਹੈ।