ਦੇਸ਼/ਵਿਦੇਸ਼ਰਾਜਨੀਤੀ
Trending

ਸੁਨੀਤਾ ਕੇਜਰੀਵਾਲ ਬਣ ਸਕਦੀ ਹੈ ‘‘ਆਪ’’ ਪਾਰਟੀ ਦਾ ਚਿਹਰਾ..!

ਦਿੱਲੀ, 24 ਮਾਰਚ (ਦ ਪੰਜਾਬ ਟੂਡੇ ਬਿਊਰੋ)  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 6 ਦਿਨਾਂ ਲਈ ਈਡੀ ਰਿਮਾਂਡ ’ਤੇ ਹਨ। ਅੱਜ ਉਨ੍ਹਾਂ ਦਾ ਈਡੀ ਦੀ ਹਿਰਾਸਤ ’ਚ ਦੂਜਾ ਦਿਨ ਹੈ। ਸਵਾਲ ਇਹ ਹੈ ਕਿ ਆਮ ਆਦਮੀ ਪਾਰਟੀ ਅਤੇ ਦਿੱਲੀ ਸਰਕਾਰ ਕਿਵੇਂ ਚੱਲੇਗੀ ਕਿਉਂਕਿ ਪਾਰਟੀ ਦੇ ਵੱਡੇ ਆਗੂ ਮਨੀਸ਼ ਸਿਸੋਦੀਆ ਅਤੇ ਸੰਜੇ ਸਿੰਘ ਵੀ ਜੇਲ ਵਿਚ ਹਨ।

ਸ਼ਰਾਬ ਘੁਟਾਲੇ ’ਚ ਗ੍ਰਿਫਤਾਰੀ ਤੋਂ ਬਾਅਦ ਵੀ ਅਰਵਿੰਦ ਕੇਜਰੀਵਾਲ ਸੀਐਮ ਦੇ ਅਹੁਦੇ ’ਤੇ ਬਣੇ ਹੋਏ ਹਨ। ਪਾਰਟੀ ਕਹਿ ਰਹੀ ਹੈ ਕਿ ਜੇਕਰ ਕੇਜਰੀਵਾਲ ਜੇਲ ’ਚ ਹਨ ਤਾਂ ਸਰਕਾਰ ਕਿਵੇਂ ਚਲੇਗੀ। ਹਾਲਾਂਕਿ, ਇਹ ਇੰਨਾ ਆਸਾਨ ਨਹੀਂ ਹੈ। ਫਾਈਲਾਂ ’ਤੇ ਦਸਤਖਤ ਕਰਨ ਤੋਂ ਲੈ ਕੇ ਕੈਬਨਿਟ ਮੀਟਿੰਗਾਂ ਕਰਨ ਲਈ ਵਾਰ-ਵਾਰ ਅਦਾਲਤ ਤੋਂ ਇਜਾਜ਼ਤ ਲੈਣੀ ਪਵੇਗੀ। ਇਸ ਤੋਂ ਇਲਾਵਾ ਲੋਕ ਸਭਾ ਚੋਣਾਂ ਹੋਣੀਆਂ ਹਨ। ਅਜਿਹੇ ’ਚ ਨਾ ਸਿਰਫ ਦਿੱਲੀ ਦੀ ਸਰਕਾਰ ਚਲਾਉਣ ਦੀ ਚੁਣੌਤੀ ਹੈ, ਸਗੋਂ ਪਾਰਟੀ ਨੂੰ ਚੋਣਾਂ ਦੀ ਤਿਆਰੀ ਵੀ ਕਰਨੀ ਹੋਵੇਗੀ। ਇਸ ਦਾ ਪਹਿਲਾ ਅਸਰ 22 ਮਾਰਚ ਨੂੰ ਹੀ ਦੇਖਣ ਨੂੰ ਮਿਲਿਆ। ਅਰਵਿੰਦ ਕੇਜਰੀਵਾਲ ਦੀ ਗ੍ਰਿਫ਼ਤਾਰੀ ਕਾਰਨ ਦਿੱਲੀ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਮੁਲਤਵੀ ਕਰਨਾ ਪਿਆ।

ਅਰਵਿੰਦ ਕੇਜਰੀਵਾਲ ‘‘ਆਮ ਆਦਮੀ’’ ਪਾਰਟੀ ਦਾ ਸਭ ਤੋਂ ਮਸ਼ਹੂਰ ਚਿਹਰਾ ਹੈ। ਪਾਰਟੀ ਉਨ੍ਹਾਂ ਦੇ ਨਾਂ ’ਤੇ ਚੋਣਾਂ ਲੜਦੀ ਹੈ ਅਤੇ ਉਨ੍ਹਾਂ ਦੇ ਨਾਂ ’ਤੇ ਵੋਟਾਂ ਮੰਗਦੀ ਹੈ। ਪਾਰਟੀ ਦੀ ਦੂਜੀ ਕਤਾਰ ਵਿੱਚ ਆਮ ਲੋਕਾਂ ਨਾਲ ਜੁੜਿਆ ਕੋਈ ਵੱਡਾ ਆਗੂ ਨਹੀਂ ਹੈ, ਜਿਸ ਨੂੰ ਅੱਗੇ ਲਿਆਂਦਾ ਜਾ ਸਕੇ। ਪਾਰਟੀ ਨੂੰ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਕੇਜਰੀਵਾਲ ਦੀ ਗ੍ਰਿਫ਼ਤਾਰੀ ਦਾ ਕੋਈ ਅੰਦਾਜ਼ਾ ਨਹੀਂ ਸੀ। ਪਾਰਟੀ ਦੇ ਇਕ ਆਗੂ ਨੇ ਆਪਣਾ ਨਾਂ ਨਾ ਛਾਪਣ ਦੀ ਸ਼ਰਤ ’ਤੇ ਕਿਹਾ ਕਿ ਚੋਣਾਂ ’ਚ ਅਰਵਿੰਦ ਕੇਜਰੀਵਾਲ ਦਾ ਨਾਂ ਹੀ ਰਹੇਗਾ। ਜੇਕਰ ਉਨ੍ਹਾਂ ਨੂੰ ਜ਼ਮਾਨਤ ਨਹੀਂ ਮਿਲਦੀ ਤਾਂ ਸੁਨੀਤਾ ਕੇਜਰੀਵਾਲ ਪਾਰਟੀ ਲਈ ਪ੍ਰਚਾਰ ਕਰ ਸਕਦੀ ਹੈ।

ਸੁਨੀਤਾ ਕੇਜਰੀਵਾਲ ਆਪਣੇ ਪਤੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਸਰਗਰਮ ਨਜ਼ਰ ਆ ਰਹੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ’ਤੇ ਇਕ ਪੋਸਟ ਪਾਈ ਸੀ। ਇਸ ’ਚ ਲਿਖਿਆ ਕਿ ਮੋਦੀ ਜੀ ਤੁਸੀਂ ਤਿੰਨ ਵਾਰ ਚੁਣੇ ਗਏ ਮੁੱਖ ਮੰਤਰੀ ਨੂੰ ਸੱਤਾ ਦੇ ਹੰਕਾਰ ’ਚ ਗ੍ਰਿਫ਼ਤਾਰ ਕਰਵਾਇਆ ਗਿਆ ਹੈ। ਇਹ ਦਿੱਲੀ ਦੀ ਜਨਤਾ ਨਾਲ ਧੋਖਾ ਹੈ। ਲੋਕਾਂ ਦਾ ਮੁੱਖ ਮੰਤਰੀ ਹਮੇਸ਼ਾ ਲੋਕਾਂ ਨਾਲ ਖੜ੍ਹਾ ਹੈ। ਭਾਵੇਂ ਅੰਦਰ ਹੋਵੇ ਜਾਂ ਬਾਹਰ, ਉਨ੍ਹਾਂ ਦਾ ਜੀਵਨ ਦੇਸ਼ ਨੂੰ ਸਮਰਪਿਤ ਹੈ।

ਸੁਨੀਤਾ ਕੇਜਰੀਵਾਲ ਦੀ ਇਹ ਪੋਸਟ ‘ਐਕਸ’ ’ਤੇ  ਲਗਭਗ ਇਕ ਸਾਲ ਬਾਅਦ ਆਈ ਹੈ। ਪਿਛਲੇ ਇੱਕ ਸਾਲ ਵਿੱਚ ਉਨ੍ਹਾਂ ਨੇ ਪਾਰਟੀ ਅਤੇ ਹੋਰ ਆਗੂਆਂ ਦੀ ਪੋਸਟ ਨੂੰ ਰੀ-ਪੋਸਟ ਕੀਤਾ ਹੈੈ। ਅਰਵਿੰਦ ਕੇਜਰੀਵਾਲ ਦੀ ਗ੍ਰਿਫਤਾਰੀ ਤੋਂ ਬਾਅਦ, ਉਨ੍ਹਾਂ ਨੇ ਪ੍ਰਧਾਨ ਮੰਤਰੀ ਮੋਦੀ ਦੇ ਖ਼ਿਲਾਫ਼ ਪੋਸਟ ਕਰਕੇ ਤੰਜ਼ ਕੱਸਿਆ। ਇਸ ਤੋਂ ਬਾਅਦ ਸੋਸ਼ਲ ਮੀਡੀਆ ’ਤੇ ਚਰਚਾ ਸ਼ੁਰੂ ਹੋ ਗਈ ਕਿ ਸੁਨੀਤਾ ਕੇਜਰੀਵਾਲ ਪਾਰਟੀ ਦਾ ਚਿਹਰਾ ਬਣ ਸਕਦੀ ਹੈ। 23 ਮਾਰਚ ਨੂੰ ਉਨ੍ਹਾਂ ਨੇ ਕੈਮਰੇ ’ਤੇ ਆ ਕੇ ਅਰਵਿੰਦ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ। ਵੀਡੀਓ ’ਚ ਉਹ ਉਸੇ ਜਗ੍ਹਾ ’ਤੇ ਬੈਠੇ ਸਨ, ਜਿੱਥੋਂ ਅਰਵਿੰਦ ਕੇਜਰੀਵਾਲ ਲੋਕਾਂ ਨੂੰ ਸੰਦੇਸ਼ ਦਿੰਦੇ ਹਨ।

Show More

Related Articles

Leave a Reply

Your email address will not be published. Required fields are marked *

Back to top button