ਇਟਲੀ ਦੇ ਲੋਕਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਉਣ ਟੈਲੀ ਫਿਲਮ “IDENTITA” ਹੋਈ ਰਲੀਜ਼

ਜਲੰਧਰ ਦੇ ਕੁਲਵਿੰਦਰ ਸਿੰਘ ਫਰਾਂਸ ਵੱਲੋਂ ਕੀਤਾ ਗਿਆ ਉਪਰਾਲਾ
ਫਰਾਂਸ, 21 ਅਗਸਤ (ਬਿਊਰੋ ਰਿਪੋਰਟ) ਇਟਲੀ ਵਿੱਚ ਦਸਤਾਰ ਨਾਲ ਪੰਜਾਬੀਆਂ ਨੂੰ ਆਪਣੀ ਨੌਕਰੀ, ਸਕੂਲ, ਯੂਨੀਵਰਸਿਟੀ ਤੇ ਵਪਾਰਕ ਜਗ੍ਹਾਵਾਂ ਤੇ ਜੋ ਸਮੱਸਿਆਵਾਂ ਸਾਹਮਣੇ ਆਉਂਦੀਆ ਹਨ, ਉਨ੍ਹਾਂ ਨੂੰ ਮੁੱਖ ਰੱਖਦੇ ਹੋਏ ਪੰਜਾਬੀ ਨੌਜਵਾਨਾਂ ਵਲੋਂ ਇਟਾਲੀਅਨ ਬੋਲੀ ਵਿੱਚ ਇੱਕ ਟੈਲੀ ਫਿਲਮ ਬਣਾ ਕੇ ਇਟਾਲੀਆਨ ਤੇ ਹੋਰ ਦੇਸ਼ਾਂ ਤੋਂ ਆ ਕੇ ਇਟਲੀ ਵਸੇ ਲੋਕਾਂ ਨੂੰ ਸਿੱਖ ਇਤਿਹਾਸ ਤੇ ਸਿੱਖ ਮਰਿਯਾਦਾ ਬਾਰੇ ਜਾਣੂ ਕਰਵਾਉਣ ਲਈ ਬਹੁਤ ਸੋਹਣਾ ਤੇ ਵੱਡਾ ਉਪਰਾਲਾ ਕੀਤਾ ਗਿਆ ਹੈ। ਇਸ ਫਿਲਮ ਵਿੱਚ ਇਟਾਲੀਅਨ ਲੋਕਾਂ ਵੱਲੋਂ ਹੀ ਵੱਖੋ ਵੱਖਰੇ ਕਿਰਦਾਰਾਂ ਦੀ ਭੂਮਿਕਾ ਅਦਾ ਕੀਤੀ ਗਈ ਹੈ।
ਇਸ ਦਾ ਟੈਲੀ ਫਿਲਮ ਦਾ ਉਪਰਾਲਾ ਪੰਜਾਬ ਦੇ ਜਲੰਧਰ ਤੋਂ ਜੰਮਪਲ ਤੇ ਫਰਾਂਸ ਰਹਿੰਦੇ ਸ. ਕੁਲਵਿੰਦਰ ਸਿੰਘ ਫਰਾਂਸ ਵੱਲੋਂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਇਟਲੀ ਵਿੱਚ ਪਹਿਲੀ ਵਾਰੀ ਉਹ, ਇਟਾਲੀਅਨ ਬੋਲੀ ਵਿੱਚ ਫਿਲਮ ਲੈ ਕੇ ਆਏ ਹਨ। ਇਸ ਵਿੱਚ ਅਦਾਕਾਰ ਹਰਸਿਮਰਨ ਸਿੰਘ, ਨਿਰਮਾਤਾ ਜਗਸਿਮਰਨ ਸਿੰਘ ਤੇ ਨਿਰਦੇਸ਼ਕ ਗਿੰਦਾ ਘੁੜਿਆਲੀਆ ਸਾ ਅਹਿਮ ਯੋਗਦਾਨ ਰਿਹਾ।
ਉਨ੍ਹਾਂ ਦੱਸਿਆ ਕਿ 15 ਤੋਂ 18 ਮਿੰਟ ਦੀ ਇਸ ਟੈਲੀ ਫਿਲਮ ਵਿੱਚ ਗੁਰੂ ਨਾਨਕ ਦੇਵ ਜੀ ਵੱਲੋਂ ਸਿੱਖ ਕੌਮ ਤੇ ਸਾਰੀ ਦੁਨੀਆਂ ਨੂੰ ਦਿੱਤੇ ਕਿਰਤ ਕਰੋ, ਨਾਮ ਜਪੋ ਤੇ ਵੰਡ ਛਕੋ ਦੇ ਸੰਦੇਸ਼ ਨੂੰ ਇਟਾਲੀਅਨ ਬੋਲੀ ਵਿੱਚ ਦੱਸਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਵਿੱਚ ਦਸਤਾਰ ਕੀ ਹੈ ਤੇ ਇਸ ਦੀ ਮਹਤੱਤਾ ਬਾਰੇ ਵੀ ਜਾਗਰੂਕ ਕਰਨ ਦਾ ਉਪਰਾਲਾ ਕੀਤਾ ਗਿਆ ਹੈ।
ਸ. ਕੁਲਵਿੰਦਰ ਸਿੰਘ ਫਰਾਂਸ ਨੇ ਹੋਰ ਜਾਣਕਾਰੀ ਸਾਂਝੀ ਕਰਦੇ ਹੋਏ ਦੱਸਿਆ ਕਿ ਜੇ ਲੋਕਾਂ ਵੱਲੋਂ ਸਾਡੇ ਇਸ ਪ੍ਰੋਜੈਕਟ ਨੂੰ ਪਸੰਦ ਕੀਤਾ ਗਿਆ, ਤਾਂ ਆਉਣ ਵਾਲੇ ਸਮੇਂ ਵਿੱਚ ਅਸੀਂ ਹੋਰ ਵੀ ਵਿਸ਼ਿਆ ਤੇ ਟੈਲੀ ਫਿਲਮਾਂ ਲੈ ਕੇ ਆਵਾਂਗੇ। ਇਸ ਮੌਕੇ ਇਟਲੀ ਰਹਿੰਦੇ ਪੰਜਾਬੀ ਲੋਕਾਂ ਦੇ ਨਾਲ ਨਾਲ ਇਟਾਲੀਅਨ ਲੋਕਾਂ ਦਾ ਵੀ ਭਰਵਾਂ ਹੁੰਗਾਰਾ ਮਿਲਣ ਦੀਆਂ ਖਬਰਾਂ ਮਿਲ ਰਹੀਆਂ ਹਨ।